ਰੋਪੜ,31, ਅਕਤੂਬਰ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਇੰਪਰੂਵਮੈਂਟ ਟਰੱਸਟ ਰੋਪੜ ਦੇ ਸੇਵਾ-ਮੁਕਤ ਕਰਮਚਾਰੀਆਂ ਵੱਲੋਂ ਅਜੀਤ ਪ੍ਰਦੇਸੀ ਦੀ ਅਗਵਾਈ ਹੇਠ
ਪੈਂਨਸ਼ਨਾਂ ਸਮੇਂ ਸਿਰ ਜਾਰੀ ਕਰਵਾਉਣ ਸਬੰਧੀ ਇੱਕ ਮੰਗ-ਪੱਤਰ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਪੂਜਾ ਸਿਆਲ ਨੂੰ ਦਿੱਤਾ ਗਿਆ ਹੈ।
ਤੇ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਪੈਂਨਸ਼ਨਾਂ ਸਮੇਂ ਸਿਰ ਸਬੰਧਤ ਬੈਂਕ ਨੂੰ ਭੇਜੀਆਂ ਜਾਇਆ ਕਰਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਪੜ ਟਰਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਮੈਡਮ ਦਲਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪੈਨਸ਼ਨਾਂ 10-15 ਤਰੀਕ ਤੋਂ ਪਹਿਲਾਂ ਨਹੀਂ ਮਿਲਦੀਆਂ ਜਿਸ ਕਰਕੇ ਉਹ ਅਨੇਕਾਂ ਪ੍ਰੇਸ਼ਾਨੀਆਂ ਵਿੱਚ ਘਿਰ ਜਾਂਦੇ ਹਨ। ਸ੍ਰੀਮਤੀ ਰਮਾ ਰਾਣੀ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀਆਂ ਪੈਨਸ਼ਨਾਂ ਦੇ ਖਾਤੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਹਨ ਲੇਕਿਨ ਏਡੀਸੀ ਦਫ਼ਤਰ ਵੱਲੋਂ ਉਨ੍ਹਾਂ ਦੀਆਂ ਪੈਨਸ਼ਨਾਂ ਆਈ.ਸੀ.ਆਈ.ਸੀ.ਬੈਂਕ ਵਿੱਚ ਭੇਜੀਆਂ ਜਾਂਦੀਆਂ ਹਨ ਤੇ ਆਈ.ਸੀ.ਆਈ.ਸੀ.ਬੈਂਕ ਵਾਲੇ ਸਮੇਂ ਸਿਰ ਪੈਂਨਸ਼ਨਾਂ ਸਟੇਟ ਬੈਂਕ ਆਫ ਇੰਡੀਆ ਵਿੱਚ ਨਹੀਂ ਭੇਜਦੇ ਤੇ ਪੈਨਸ਼ਨਰਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਵਫ਼ਦ ਨੇ ਏਡੀਸੀ ਮੈਡਮ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਪੈਨਸ਼ਨਾਂ ਸਿੱਧੀਆਂ ਸਟੇਟ ਬੈਂਕ ਆਫ ਇੰਡੀਆ ਵਿੱਚ ਸਮੇਂ ਸਿਰ ਭੇਜੀਆਂ ਜਾਇਆ ਕਰਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੈਡਮ ਪੂਜਾ ਸਿਆਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪੂਰੀ ਹਮਦਰਦੀ ਨਾਲ ਸੁਣਿਆ ਤੇ ਪੂਰਨ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵਫ਼ਦ ਵਿੱਚ ਉਕਤ ਆਗੂਆਂ ਤੋਂ ਇਲਾਵਾ ਮਨਮੋਹਨ ਸਿੰਘ, ਧਰਮ ਪਾਲ,ਰਣਜੀਤ ਸਿੰਘ, ਫ਼ਕੀਰ ਚੰਦ, ਗੁਰਮੇਲ ਕੌਰ, ਮਹਿੰਦਰ ਕੌਰ, ਕ੍ਰਿਸ਼ਨ ਕੁਮਾਰ ਤੇ ਬਖਸ਼ੀਸ਼ ਸਿੰਘ ਵੀ ਸ਼ਾਮਲ ਸਨ।












