ਜਲੰਧਰ, 1 ਨਵੰਬਰ,ਬੋਲੇ ਪੰਜਾਬ ਬਿਊਰੋ;
ਇਟਲੀ ਤੋਂ ਆਈ ਦੁਖਭਰੀ ਖਬਰ ਨੇ ਪੰਜਾਬ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਜਲੰਧਰ ਜ਼ਿਲ੍ਹੇ ਦੇ ਪਿੰਡ ਸਹਿਮ ਨਾਲ ਸਬੰਧਤ 25 ਸਾਲਾ ਨੌਜਵਾਨ ਸੁਖਬੀਰ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਰਿਪੋਰਟਾਂ ਅਨੁਸਾਰ, ਸੁਖਬੀਰ ਸਿੰਘ ਪਿਛਲੇ ਛੇ ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਤੇ ਰੀਬਲਤਾਨਾ ਸ਼ਹਿਰ ਵਿਖੇ ਕੰਮ ਕਰਦਾ ਸੀ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਕੰਮ ਤੋਂ ਸਾਈਕਲ ਰਾਹੀਂ ਘਰ ਵਾਪਸ ਜਾ ਰਿਹਾ ਸੀ। ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਗੱਡੀ ਨੇ ਉਸਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਨਾਲ ਉਹ ਮੌਕੇ ’ਤੇ ਹੀ ਦਮ ਤੋੜ ਗਿਆ।
ਸੁਖਬੀਰ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਤੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਦੇਹ 3 ਨਵੰਬਰ ਨੂੰ ਪੰਜਾਬ ਪਹੁੰਚੇਗੀ, ਜਿਸ ਤੋਂ ਬਾਅਦ ਉਸਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ ਸਹਿਮ ਵਿਖੇ ਕੀਤਾ ਜਾਵੇਗਾ।












