ਚੰਡੀਗੜ੍ਹ, 1 ਨਵੰਬਰ, ਬੋਲੇ ਪੰਜ਼ਾਬ ਬਿਉਰੋ,
ਹਰਿਆਣਾ ਦੇ ਏਲਨਾਬਾਦ ਇਲਾਕੇ ਦੇ ਪਿੰਡ ਗੋਬਿੰਦਪੁਰਾ ਤੋਂ ਇੱਕ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਭੈਣ ਨੇ ਆਪਣੇ ਭਰਾ ਦੀ ਬਿਮਾਰੀ ਦਾ ਸਦਮਾ ਸਹਾਰ ਨਾ ਸਕਦਿਆਂ ਜਾਨ ਗੁਆ ਬੈਠੀ, ਤੇ ਤਿੰਨ ਦਿਨ ਬਾਅਦ ਭਰਾ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ।ਮ੍ਰਿਤਕ ਬੱਚਿਆਂ ਦੀ ਪਹਿਚਾਣ 13 ਸਾਲਾ ਸਹਿਦੀਪ ਸਿੰਘ (7ਵੀਂ ਜਮਾਤ) ਅਤੇ 17 ਸਾਲਾ ਅਸਮੀਨ ਕੌਰ (11ਵੀਂ ਜਮਾਤ) ਵਜੋਂ ਹੋਈ ਹੈ। ਦੋਵੇਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਡੇਂਗੂ ਨਾਲ ਜੂਝ ਰਹੇ ਸਨ।ਸਹਿਦੀਪ ਦੀ ਤਬੀਅਤ ਵਿਗੜਣ ਤੇ ਉਸਨੂੰ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਦਕਿ ਅਸਮੀਨ ਦਾ ਇਲਾਜ ਰਾਣੀਆਂ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ। ਪਰ ਜਦੋਂ ਅਸਮੀਨ ਨੂੰ ਪਤਾ ਲੱਗਾ ਕਿ ਉਸ ਦੇ ਛੋਟੇ ਭਰਾ ਦੀ ਹਾਲਤ ਗੰਭੀਰ ਹੈ, ਤਾਂ ਉਹ ਸਦਮੇ ਵਿੱਚ ਆ ਗਈ।ਪਰਿਵਾਰਿਕ ਮੈਂਬਰਾਂ ਦੇ ਅਨੁਸਾਰ, ਅਸਮੀਨ ਪੂਰਾ ਦਿਨ ਰੋਂਦੀ ਤੇ ਬੇਨਤੀ ਕਰਦੀ ਰਹੀ ਕਿ “ਮੇਰੇ ਭਰਾ ਨੂੰ ਬਚਾ ਲਓ।” ਦੁੱਖ ਦੀ ਗੱਲ ਇਹ ਹੈ ਕਿ ਉਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ।ਉਸਦੇ ਪਿਤਾ ਸੰਦੀਪ ਸਿੰਘ ਨੇ ਦੱਸਿਆ ਕਿ ਧੀ ਦੀ ਮੌਤ ਤੋਂ ਸਿਰਫ਼ ਤਿੰਨ ਦਿਨ ਬਾਅਦ ਹੀ ਪੁੱਤਰ ਸਹਿਦੀਪ ਵੀ ਚਲ ਬਸਿਆ। ਦੋਵੇਂ ਬੱਚਿਆਂ ਦੀ ਅਚਾਨਕ ਮੌਤ ਨਾਲ ਪਿੰਡ ਗੋਬਿੰਦਪੁਰਾ ’ਚ ਮਾਤਮ ਦਾ ਮਾਹੌਲ ਹੈ।












