ਮੋਹਾਲੀ, 4 ਨਵੰਬਰ ,ਬੋਲੇ ਪੰਜਾਬ ਬਿਊਰੋ:
ਬੀਤੀ ਦਿਨੀਂ ਵੱਖ ਵੱਖ ਥਾਵਾਂ ਉਤੇ ਅਖਬਾਰਾਂ ਦੀਆਂ ਗੱਡੀਆਂ ਨੂੰ ਰੋਕ ਕੇ ਚੈਕਿੰਗ ਕਰਨ ਨੂੰ ਲੈ ਕੇ ਐਕਟਿਵ ਜਰਨਲਿਸਟਸ ਯੂਨੀਅਨ ਆਫ ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਯੂਨੀਅਨ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਰਾਂਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜਿਆ ਗਿਆ। ਯੂਨੀਅਨ ਨੇ ਕਿਹਾ ਐਕਟਿਵ ਜਰਨਲਿਸਟਸ ਯੂਨੀਅਨ ਆਫ ਪੰਜਾਬ (ਏ ਜੇ ਯੂ ਪੀ) ਵੱਲੋਂ ਦੱਸਣਾ ਚਾਹੁੰਦੇ ਹਾਂ ਕਿ 1 ਨਵੰਬਰ ਅਤੇ 2 ਨਵੰਬਰ ਦੀ ਵਿਚਲੀ ਰਾਤ ਨੂੰ ਵਿਘਨ ਕਾਰਨ ਅਖਬਾਰਾਂ ਪੰਜਾਬ ਚ ਬਹੁਤ ਥਾਵਾਂ ਤੇ ਨਾ ਪਹੁੰਚ ਸਕੀਆਂ। ਇਸ ਕਾਰਨ ਲੋਕਾਂ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋਏ ਹਨ, ਪੁਲੀਸ ਅਨੁਸਾਰ ਕਥਿਤ ਤੌਰ ’ਤੇ ਖੁਫੀਆ ਏਜੰਸੀਆਂ ਨੂੰ ਮਿਲੀ ਸੂਹ ਕਾਰਨ ਅਖਬਾਰੀ ਗੱਡੀਆਂ ਨੂੰ ਰੋਕਿਆ ਗਿਆ। ਇਸ ਨਾਲ ਐਮਰਜੈਂਸੀ ਦੌਰਾਨ ਲੱਗੀ ਸੈਂਸਰਸ਼ਿਪ ਨੂੰ ਮੁੜ ਯਾਦ ਕਰਾ ਦਿੱਤਾ ਗਿਆ ਹੈ, ਇਸ ਨੂੰ ਲੋਕਤੰਤਰ ਦੇ ਚੌਥੇ ਥੰਮ ਉਤੇ ਹਮਲਾ ਮੰਨਿਆ ਜਾਵੇਗਾ। ਇਸ ਤਰ੍ਹਾਂ ਦੀ ਘਟਨਾ ਨਾਲ ਜਿਥੇ ਸਰਕਾਰ ਨੇ ਮੀਡੀਆ ਪ੍ਰਤੀ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਕੀਤੇ ਹਨ ਉਥੇ ਹੀ ਮੀਡੀਆ ਦੀ ਆਜ਼ਾਦੀ ਤੇ ਵੀ ਹਮਲਾ ਮੰਨਿਆ ਜਾ ਰਿਹਾ ਹੈ।
ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਇਸ ਸਬੰਧੀ ਸ਼ਪੱਸ਼ਟੀ ਕਰਨ ਦੇਣਾ ਬਣਦਾ ਹੈ। ਐਕਟਿਵ ਜਰਨਲਿਸਟਸ ਯੂਨੀਅਨ ਆਫ ਪੰਜਾਬ (ਏ ਜੇ ਯੂ ਪੀ) ਜਿਥੇ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕਰਦੀ ਹੈ ਉਥੇ ਇਹ ਵੀ ਮੰਗ ਕਰਦੀ ਹੈ ਕਿ ਭੱਵਿਖ ਵਿਚ ਇਸ ਤਰ੍ਹਾਂ ਦੀ ਕਾਰਵਾਈ ਤੋਂ ਗੁਰੇਜ਼ ਕੀਤਾ ਜਾਵੇ।












