ਅੰਮ੍ਰਿਤਸਰ, 6 ਨਵੰਬਰ,ਬੋਲੇ ਪੰਜਾਬ ਬਿਊਰੋ;
ਮੁੱਖ ਮੰਤਰੀ ਅਤੇ ਹੋਰ ਵੀ.ਆਈ.ਪੀ. ਸ਼ਖਸੀਅਤਾਂ ਦੀ ਆਮਦ ਕਾਰਨ ਅੰਮ੍ਰਿਤਸਰ ਸ਼ਹਿਰ ਪਹਿਲਾਂ ਹੀ ਪੁਲਿਸ ਛਾਉਣੀ ਬਣਿਆ ਹੋਇਆ ਸੀ, ਪਰ ਇਸ ਸਖ਼ਤ ਸੁਰੱਖਿਆ ਦੇ ਬਾਵਜੂਦ ਅੱਜ ਮੋਹਕਮਪੁਰਾ ਦੇ ਕ੍ਰਿਸ਼ਨਾ ਨਗਰ ਇਲਾਕੇ ਵਿੱਚ ਗੋਲੀਆਂ ਦੀ ਤੜਤੜਾਹਟ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਜਾਣਕਾਰੀ ਮੁਤਾਬਕ, ਦੋ ਧੜਿਆਂ ਵਿਚਕਾਰ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਦੋਨੋਂ ਪਾਸਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਸ ਫਾਇਰਿੰਗ ਵਿਚ ਤਿੰਨ ਵਿਅਕਤੀ ਜ਼ਖਮੀ ਹੋਏ ਹਨ। ਜ਼ਖ਼ਮੀਆਂ ਦੀ ਪਹਿਚਾਣ ਵਿਸ਼ੂ, ਮਨਪ੍ਰੀਤ ਅਤੇ ਦੇਵ ਵਜੋਂ ਹੋਈ ਹੈ — ਤਿੰਨੇ ਹੀ ਕ੍ਰਿਸ਼ਨਾ ਨਗਰ ਦੇ ਨਿਵਾਸੀ ਹਨ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਏ.ਸੀ.ਪੀ. ਗਗਨਦੀਪ ਸਿੰਘ ਨੇ ਦੱਸਿਆ ਕਿ ਇਕ ਧਿਰ ਵਲੋਂ ਲਾਇਸੈਂਸੀ ਪਿਸਤੌਲ ਦੀ ਵਰਤੋਂ ਕੀਤੀ ਗਈ ਹੈ, ਜਦਕਿ ਦੂਜੇ ਪਾਸੇ ਵਲੋਂ ਵਰਤੇ ਗਏ ਹਥਿਆਰਾਂ ਦੀ ਜਾਂਚ ਜਾਰੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।












