ਸਸਸਸ ਉਕਸੀ ਸੈਣੀਆਂ ਅਤੇ ਭੇਡਵਾਲ ਵਿਖੇ ਮਾਸ ਕਾਊਂਸਲਿੰਗ ਸੈਸ਼ਨ ਆਯੋਜਿਤ
ਰਾਜਪੁਰਾ, 7 ਨਵੰਬਰ ,ਬੋਲੇ ਪੰਜਾਬ ਬਿਊਰੋ;
ਜ਼ਿਲ੍ਹਾ ਪਟਿਆਲਾ ਵਿੱਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਮਾਸ ਕਾਊਂਸਲਿੰਗ ਪ੍ਰੋਗਰਾਮਾਂ ਦੀ ਲੜੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਕਸੀ ਸੈਣੀਆਂ ਅਤੇ ਭੇਡਵਾਲ ਵਿੱਚ ਪ੍ਰੇਰਕ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲਤਾ ਦੀ ਦਿਸ਼ਾ ਦਿੱਤੀ ਗਈ।
ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਪਟਿਆਲਾ ਦੀ ਅਗਵਾਈ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਬਲਾਕ ਕਾਊਂਸਲਰ ਚੰਦਨ ਜੈਨ, ਲੈਕਚਰਾਰ ਅੰਗਰੇਜ਼ੀ ਸ.ਸ.ਸ.ਸ. ਕਪੂਰੀ ਨੇ ਵਿਦਿਆਰਥੀਆਂ ਨਾਲ ਜੀਵਨ ਦੀ ਸਫਲਤਾ ਦੇ ਮੰਤਵਾਂ ਤੇ ਚਰਚਾ ਕਰਦਿਆਂ ਕਿਹਾ ਕਿ ਜੋ ਮਨੁੱਖ ਆਪਣੇ ਟੀਚੇ ਸਪੱਸ਼ਟ ਰੱਖਦਾ ਹੈ, ਉਹ ਕਿਸੇ ਵੀ ਮੰਜ਼ਿਲ ਤੱਕ ਸਹਿਜੇ ਹੀ ਪਹੁੰਚ ਸਕਦਾ ਹੈ। ਉਨ੍ਹਾਂ ਨੇ ਕਰੀਅਰ ਗਾਈਡੈਂਸ, ਸੈਨਿਕ ਸੇਵਾਵਾਂ, ਸਵੈ-ਰੋਜ਼ਗਾਰ, ਸਾਈਬਰ ਸੁਰੱਖਿਆ, ਉੱਚ ਸਿੱਖਿਆ ਲਈ ਉਪਲਬਧ ਵਜ਼ੀਫਿਆਂ ਅਤੇ ਜੀਵਨ ਪ੍ਰਬੰਧਨ ਜਿਹੇ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸੈਸ਼ਨ ਦੌਰਾਨ ਪ੍ਰਿੰਸੀਪਲ ਡਾ. ਰਾਕੇਸ਼ ਕੁਮਾਰ ਬੱਬਰ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵਿੱਚ ਪ੍ਰੇਰਿਤ ਕਰਨਾ ਸਿੱਖਿਆ ਦਾ ਸਭ ਤੋਂ ਵੱਡਾ ਉਦੇਸ਼ ਹੈ। ਉਨ੍ਹਾਂ ਨੇ ਡਾ. ਮਹਿੰਦਰਪਾਲ ਕੌਰ ਸੰਧੂ ਪ੍ਰੋਫੈਸਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਡਾ. ਬਲਰਾਜ ਸਿੰਘ ਪ੍ਰੋਫੈਸਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ, ਚੰਦਨ ਜੈਨ ਬਲਾਕ ਕਾਊਂਸਲਰ ਅਤੇ ਰਾਜਿੰਦਰ ਸਿੰਘ ਚਾਨੀ ਐੱਸ.ਐੱਸ. ਮਾਸਟਰ, ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।
ਪ੍ਰੋ. ਬਲਰਾਜ ਸਿੰਘ ਨੇ ਕਿਹਾ ਕਿ ਹਰ ਵਿਦਿਆਰਥੀ ਦੇ ਅੰਦਰ ਕੋਈ ਨਾ ਕੋਈ ਖ਼ਾਸ ਹੁਨਰ ਹੁੰਦਾ ਹੈ — ਲੋੜ ਸਿਰਫ਼ ਉਸਨੂੰ ਪਛਾਣਨ ਅਤੇ ਉਸੇ ਦਿਸ਼ਾ ਵਿੱਚ ਮਿਹਨਤ ਕਰਨ ਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੇ ਵਿਚਾਰਾਂ, ਸਖ਼ਤ ਮਿਹਨਤ ਅਤੇ ਨੈਤਿਕ ਜੀਵਨ ਜੀਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਲੈਕਚਰਾਰ ਮਨਦੀਪ ਕੌਰ, ਬਲਕਾਰ ਸਿੰਘ ਲੈਕਚਰਾਰ ਇਤਿਹਾਸ, ਵੀਰਪਾਲ ਕੌਰ ਲੈਕਚਰਾਰ ਰਾਜਨੀਤੀ ਸਾਸ਼ਤਰ, ਨੀਲਮ ਪ੍ਰਭਾ ਲੈਕਚਰਾਰ ਪੰਜਾਬੀ, ਕਮਲਜੀਤ ਕੌਰ ਅੰਗਰੇਜ਼ੀ ਮਿਸਟ੍ਰੈਸ, ਨੀਰਜ ਗੁਪਤਾ ਐੱਸ. ਐੱਸ. ਮਾਸਟਰ ਅਤੇ ਸਕੂਲ ਕਾਊਂਸਲਰ ਸਮੇਤ ਹੋਰ ਅਧਿਆਪਕਾਂ ਨੇ ਭਾਗ ਲਿਆ।












