ਚੰਡੀਗੜ੍ਹ, 7 ਨਵੰਬਰ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)
ਪੰਜਾਬੀ ਮਾਂ ਬੋਲੀ ਮਹੀਨੇ ਦੇ ਸਬੰਧ ਵਿੱਚ ਕਵੀ ਮੰਚ (ਰਜਿ:) ਮੋਹਾਲੀ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਵੱਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕੱਲ ਕਰਵਾਏ ਜਾ ਰਹੇ ਸਮਾਗਮ ਵਿੱਚ ਪੱਤਰਕਾਰ ਅਜਾਇਬ ਸਿੰਘ ਔਜਲਾ ਨੂੰ ਉਨ੍ਹਾਂ ਵੱਲੋਂ ਪੰਜਾਬੀ ਮਾਂ ਬੋਲੀ, ਸਾਹਿਤ, ਸੱਭਿਆਚਾਰ ਅਤੇ ਨਿਰਪੱਖ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਪੂਰਨਿਆਂ ਲਈ ਅਤੇ ਸਥਾਪਿਤ ਕੀਤੇ ਕੀਰਤੀਮਾਨ ਲਈ ਲਾਈਫ਼-ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉੱਘੇ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੂੰ “ਵਿਸ਼ੇਸ਼ ਸਾਹਿਤਕ ਪੱਤਰਕਾਰੀ ਐਵਾਰਡ”; ਸੁਰਜੀਤ ਸੁਮਨ ਨੂੰ “ਸਾਹਿਤਕ ਪੱਤਰਕਾਰੀ ਦੀ ਸੱਜਰੀ ਉਮੀਦ ਐਵਾਰਡ” ਅਤੇ ਉੱਭਰਦੇ ਗ਼ਜ਼ਲਗੋ ਵਿੰਦਰ ਮਾਂਝੀ ਨੂੰ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਪਾਏ ਯੋਗਦਾਨ ਅਤੇ ਉੱਘੇ ਸਾਹਿਤਕਾਰ ਅਤੇ ਉਸਤਾਦ ਗ਼ਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ ਜੀ ਦੇ ਆਖ਼ਰੀ ਸਮੇਂ ਉਨ੍ਹਾਂ ਵੱਲੋਂ ਕੀਤੀਆਂ ਸੇਵਾਵਾਂ ਲਈ “ਸਿਰੀ ਰਾਮ ਅਰਸ਼ ਯਾਦਗਾਰੀ ਯੁਵਾ ਗ਼ਜ਼ਲਗੋ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ।
ਸ਼੍ਰੀ ਭਗਤ ਰਾਮ ਰੰਗਾੜਾ ਪ੍ਰਧਾਨ ਕਵੀ ਮੰਚ ਮੁਹਾਲੀ ਅਤੇ ਇੰਜੀ. ਜਸਪਾਲ ਸਿੰਘ ਦੇਸੂਵੀ ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਨੇ ਦੱਸਿਆ ਕਿ 8 ਨਵੰਬਰ ਨੂੰ ਸਵੇਰੇ 10 ਵਜੇ ਇਹ ਸਮਾਗਮ ਸੈਣੀ ਭਵਨ ਸੈਕਟਰ 24, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼੍ਰੀ ਦੀਪਕ ਸ਼ਰਮਾ ਚਨਾਰਥਲ ਵਰਤਮਾਨ ਪੰਜਾਬੀ ਪੱਤਰਕਾਰੀ ਦੀਆਂ ਚੁਣੌਤੀਆਂ ਅਤੇ ਭਵਿੱਖ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ। ਅੰਤ ਵਿੱਚ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਉੱਘੇ ਕਵੀ ਅਤੇ ਨਵੀਆਂ ਕਲਮਾਂ ਸ਼ਾਮਿਲ ਹੋਣਗੀਆਂ।















