ਨਵੀਂ ਦਿੱਲੀ 8 ਨਵੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਕੈਨੇਡਾ ਦੇ ਨਿਆਗਰਾ ਖੇਤਰ ਵਿੱਚ ਜੀ 7 ਸਮੇਲਣ ਵਿਚ ਵਿਦੇਸ਼ ਮੰਤਰੀਆਂ ਦੀ 11 ਅਤੇ 12 ਨਵੰਬਰ 2025 ਨੂੰ ਹੋਣ ਵਾਲੀ ਮੀਟਿੰਗ ਵਿਚ ਸ਼ਾਮਿਲ ਹੋ ਰਹੇ ਭਾਰਤੀ ਮੰਤਰੀ ਜੈਸ਼ੰਕਰ ਦਾ ਸਿੱਖਸ ਫਾਰ ਜਸਟਿਸ ਵਲੋਂ 24 ਘੰਟੇ ਘੇਰਾ ਪਾਉਣ ਦਾ ਸੱਦਾ ਦਿੱਤਾ ਗਿਆ ਹੈ । ਐਸਐਫਜੇ ਦੇ ਜਨਰਲ ਕੌਂਸਲ ਗੁਰਪਤਵੰਤ ਪਨੂੰ ਨੇ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਇਸ ਘੇਰਾਵ ਨਾਲ ਐਸ. ਜੈਸ਼ੰਕਰ ਨੂੰ ਰਾਜਨੀਤਿਕ ਤੌਰ ‘ਤੇ ਬੇਨਕਾਬ ਕੀਤੇ ਜਾਣ ਨਾਲ ਉਸਨੂੰ ਬਾਕੀਆਂ ਨਾਲੋਂ ਅਲੱਗ-ਥਲੱਗ ਕੀਤਾ ਜਾ ਸਕੇ ਕਿਉਕਿ ਭਾਰਤੀ ਸ਼ਾਸਨ ਦਾ ਇਹ ਕੂਟਨੀਤਕ ਚਿਹਰਾ ਜੋ ਕਿ 2023 ਵਿੱਚ ਅੰਤਰਰਾਸ਼ਟਰੀ ਦਮਨ ਅਤੇ ਸ਼ਹੀਦ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਰੋਸੇਯੋਗ ਤੌਰ ‘ਤੇ ਜੁੜਿਆ ਹੋਇਆ ਹੈ। ਜਿਕਰਯੋਗ ਹੈ ਕਿ ਬਲੂਮਬਰਗ ਵਲੋਂ ਯੂਕੇ ਇੰਟੈਲੀਜੈਂਸ ਦੀ ਰਿਪੋਰਟਿੰਗ ਮੁਤਾਬਿਕ ਬ੍ਰਿਟਿਸ਼ ਇੰਟੈਲੀਜੈਂਸ ਅਧਿਕਾਰੀਆਂ ਨੇ ਮੋਦੀ ਸਰਕਾਰ ਵੱਲੋਂ ਕੰਮ ਕਰਨ ਵਾਲੇ ਮੰਨੇ ਜਾਂਦੇ ਵਿਅਕਤੀਆਂ ਨਾਲ ਜੁੜੇ ਬਹੁਤ ਹੀ ਸੰਵੇਦਨਸ਼ੀਲ ਸੰਚਾਰਾਂ ਨੂੰ ਰੋਕਿਆ ਹੈ – ਜਿਸ ਵਿੱਚ ਸ਼ਹੀਦ ਹਰਦੀਪ ਸਿੰਘ ਨਿੱਝਰ ਅਤੇ ਅਵਤਾਰ ਸਿੰਘ ਖੰਡਾ ਦੀ ਹੱਤਿਆ ਅਤੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਹਵਾਲੇ ਸ਼ਾਮਲ ਹਨ । ਐਸਐਫਜੇ ਦਾ ਕਹਿਣਾ ਹੈ ਕਿ ਜੀ 7 ਵਿੱਚ ਜੈਸ਼ੰਕਰ ਦੀ ਮੌਜੂਦਗੀ ਨੂੰ ਭਾਰਤ ਦੇ ਗਲੋਬਲ ਕਤਲੇਆਮ ਨੈੱਟਵਰਕ ਦੇ ਚਿਹਰੇ ਵਜੋਂ ਜਨਤਕ ਤੌਰ ‘ਤੇ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ।












