ਮੰਡੀ ਗੋਬਿੰਦਗੜ੍ਹ, 12 ਨਵੰਬਰ,ਬੋਲੇ ਪੰਜਾਬ ਬਿਊਰੋ:
ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੂੰ ਰੋਟਰੀ ਕਲੱਬ ਦੇ ਇੱਕ ਸਨਮਾਨ ਸਮਾਰੋਹ ਦੌਰਾਨ ਚਾਰਟਰ ਨਾਲ ਸਨਮਾਨਿਤ ਕੀਤਾ ਗਿਆ। ਡਾ. ਸੰਦੀਪ ਸਿੰਘ ਨੂੰ ਇਹ ਵਿਸ਼ੇਸ਼ ਸਨਮਾਨ ਇੰਟਰਨੈਸ਼ਨਲ ਰੋਟਰੀ ਦੇ ਪ੍ਰੈਜ਼ੀਡੈਂਟ ਡਾ. ਫਰਾਂਸਿਸਕੋ ਅਰੇਜ਼ੋ ਅਤੇ ਰੋਟੇਰੀਅਨ ਅੰਨਾ ਮਾਰੀਆ ਵੱਲੋਂ ਪ੍ਰਦਾਨ ਕੀਤਾ ਗਿਆ।
ਚੰਡੀਗੜ੍ਹ ਦੇ ਹਯਾਤ ਸੈਂਟਰਿਕ ਵਿਖੇ ਆਯੋਜਿਤ ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸਿੱਧ ਰੋਟੇਰੀਅਨ ਆਗੂਆਂ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ।
ਇਹ ਸਨਮਾਨ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਰੋਟਰੀ ਕਲੱਬ ਗੋਬਿੰਦਗੜ੍ਹ ਅਧਿਕਾਰਕ ਤੌਰ ’ਤੇ ਹੋਂਦ ਵਿੱਚ ਆ ਗਿਆ ਹੈ। ਕਲੱਬ ਦੇ ਮੈਂਬਰਾਂ ਲਈ ਇਹ ਇੱਕ ਨਵੀਂ ਸ਼ੁਰੂਆਤ ਹੈ ਜੋ ਭਾਈਚਾਰਕ ਸੇਵਾ, ਸਮਾਜਿਕ ਜ਼ਿੰਮੇਵਾਰੀਆਂ ਅਤੇ ਅੰਤਰਰਾਸ਼ਟਰੀ ਸਮਝ ਦੇ ਖੇਤਰ ਵਿੱਚ ਨਵੇਂ ਰਾਹ ਖੋਲ੍ਹੇਗੀ।

ਇਹ ਸਨਮਾਨ ਸਿਰਫ਼ ਡਾ. ਸੰਦੀਪ ਸਿੰਘ ਲਈ ਹੀ ਨਹੀਂ, ਸਗੋਂ ਪੂਰੀ ਦੇਸ਼ ਭਗਤ ਯੂਨੀਵਰਸਿਟੀ ਪਰਿਵਾਰ ਲਈ ਮਾਣ ਦੀ ਗੱਲ ਹੈ। ਇਸ ਪ੍ਰਾਪਤੀ ਨਾਲ ਨਾ ਸਿਰਫ਼ ਦੇਸ਼ ਭਗਤ ਯੂਨੀਵਰਸਿਟੀ ਦਾ ਨਾਮ ਚਮਕਿਆ ਹੈ, ਸਗੋਂ ਇਹ ਮਨੁੱਖਤਾ ਦੀ ਸੇਵਾ, ਲੀਡਰਸ਼ਿਪ ਵਿਕਾਸ ਅਤੇ ਸਮਾਜਿਕ ਸੁਧਾਰ ਪ੍ਰਤੀ ਯੂਨੀਵਰਸਿਟੀ ਦੀ ਅਡਿੱਗ ਵਚਨਬੱਧਤਾ ਦਾ ਸਬੂਤ ਵੀ ਹੈ।
ਇਸ ਮੌਕੇ ਇਸ ਪ੍ਰਾਪਤੀ ਲਈ ਡਾ. ਸੰਦੀਪ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਦਾ ਹਿੱਸਾ ਬਣਨਾ ਸਮਾਜਿਕ ਸੇਵਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਹਮੇਸ਼ਾ ਸਰਵਪੱਖੀ ਵਿਕਾਸ, ਸਮਾਜਕ ਸੁਧਾਰ ਅਤੇ ਨਵੀਨਤਾ ਰਾਹੀਂ ਮਨੁੱਖਤਾ ਦੀ ਭਲਾਈ ਲਈ ਪ੍ਰਤੀਬੱਧ ਰਹੀ ਹੈ।
ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਡਾ. ਸੰਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਯੂਨੀਵਰਸਿਟੀ ਦੇ ਸਮਰਪਿਤ ਪ੍ਰਬੰਧਨ ਅਤੇ ਨੇਤ੍ਰਿਤਵ ਦੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਦੇਸ਼ ਭਗਤ ਯੂਨੀਵਰਸਿਟੀ ਦੀ ਸਮਾਜ ਪ੍ਰਤੀ ਸੇਵਾ ਭਾਵਨਾ, ਨੇਤ੍ਰਿਤਵ ਸਮਰੱਥਾ ਅਤੇ ਵਿਸ਼ਵ ਪੱਧਰ ‘ਤੇ ਸਹਿਯੋਗ ਦੀ ਵਚਨਬੱਧਤਾ ਦਾ ਪ੍ਰਤੀਕ ਹੈ।












