ਪੰਜਾਬ ਦੀਆਂ ਮਹਿਲਾ ਕ੍ਰਿਕਟਰ ਧੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਨੌਕਰੀ ਜ਼ਰੂਰੀ: ਫੂਲਰਾਜ ਸਿੰਘ (ਸਟੇਟ ਅਵਾਰਡੀ) ਵੱਲੋਂ ਸਨਮਾਨ ਸਮਾਰੋਹ ਦਾ ਐਲਾਨ
ਮੋਹਾਲੀ, ਨਵੰਬਰ 14 ਨਵੰਬਰ ,ਬੋਲੇ ਪੰਜਾਬ ਬਿਊਰੋ;
ਮਹਿਲਾ ਕ੍ਰਿਕਟ ਟੀਮ ਦੀਆਂ ਕ੍ਰਿਕਟਰ ਧੀਆਂ ਨੇ ਆਪਣਾ ਹੀ ਨਹੀਂ ਸਗੋਂ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਉੱਚਾ ਕੀਤਾ ਹੈ। ਇਸ ਲਈ ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਇਹ ਪੁਰਜ਼ੋਰ ਬੇਨਤੀ ਹੈ ਕਿ ਪੰਜਾਬ ਦੀਆਂ ਧੀਆਂ ਹਰਲੀਨ ਕੌਰ ਦਿਓਲ ਮੋਹਾਲੀ ਅਤੇ ਅਮਨਦੀਪ ਕੌਰ ਸਮੇਤ ਬਾਕੀਆਂ ਨੂੰ ਵੀ ਪੰਜਾਬ ਪੁਲਿਸ ਵਿੱਚ ਘੱਟੋ – ਘੱਟ ਡੀ.ਐਸ.ਪੀ ਦੇ ਅਹੁਦੇ ਤੇ ਤਾਇਨਾਤ ਕੀਤਾ ਜਾਵੇ ਅਤੇ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨ ਨੂੰ ਤਰੱਕੀ ਦਿੱਤੀ ਜਾਵੇ, ਇਹ ਗੱਲ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਰਜਿਸਟਰਡ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ- ਫੂਲਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਸਟੇਟ ਅਵਾਰਡੀ – ਫੂਲਰਾਜ ਸਿੰਘ ਹੋਰਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਕੇਂਦਰ ਸਰਕਾਰ ਸਮੇਤ ਭਾਰਤ ਦੇ ਪੰਜਾਬੀਆਂ ਨੇ ਹਰਲੀਨ ਕੌਰ ਦਿਓਲ, ਅਮਨਜੋਤ ਕੌਰ ਅਤੇ ਹੋਰਨਾਂ ਕ੍ਰਿਕਟ ਟੀਮ ਦੀਆਂ ਧੀਆਂ ਨੂੰ ਮਾਣ ਸਤਿਕਾਰ ਨਾਲ ਨਿਵਾਜਿਆ ਹੈ. ਪ੍ਰੰਤੂ ਫਿਰ ਵੀ ਇਹ ਧੀਆਂ ਨੌਕਰੀ ਪ੍ਰਾਪਤ ਕਰਕੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਣ ਅਤੇ ਅਗਾਂਹ ਆਪਣਾ ਪੂਰਾ ਜ਼ੋਰ ਭਾਰਤ ਦੇਸ਼ ਦੇ ਲਈ ਕ੍ਰਿਕਟ ਖੇਡਣ ਵਿੱਚ ਲਗਾ ਸਕਣ, ਫੂਲਰਾਜ ਸਿੰਘ ਨੇ ਕਿਹਾ ਕਿ ਹਰਲੀਨ ਕੌਰ ਦਿਓਲ ਅਤੇ ਅਮਨਜੋਤ ਕੌਰ ਦਾ ਉਹਨਾਂ ਦੀ ਸੋਸਾਇਟੀ ਵੱਲੋਂ ਇੱਕ ਵੱਡਾ ਸਮਾਗਮ ਕਰਕੇ ਆਉਣ ਵਾਲੇ ਦਿਨਾਂ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾ ਰਿਹਾ ਹੈ। ਜਿਸ ਦੇ ਲਈ ਵਿਧਾਇਕ ਕੁਲਵੰਤ ਸਿੰਘ ਅਤੇ ਹਰਲੀਨ ਕੌਰ ਦਿਓਲ ਅਤੇ ਅਮਨਜੋਤ ਕੌਰ ਦੇ ਪਰਿਵਾਰਿਕ ਮੈਂਬਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ, ਉਹਨਾਂ ਕਿਹਾ ਕਿ ਜੋ ਵੀ ਕੋਈ ਮੋਹਾਲੀ ਨਿਵਾਸੀ ਧੀ ਜਾਂ ਕੋਈ ਪੁੱਤਰ ਕਿਸੇ ਵੀ ਖੇਤਰ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦਾ ਅਤੇ ਪੰਜਾਬ ਦਾ ਨਾਂ ਰੌਸ਼ਨ ਕਰੇਗਾ ਉਹਨਾਂ ਨੂੰ ਉਹਨਾਂ ਦੀ ਸੋਸਾਇਟੀ ਦੀ ਤਰਫੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਇਆ ਕਰੇਗਾ, ਤਾਂ ਕਿ ਇਹਨਾਂ ਦੇ ਸਨਮਾਨ ਨੂੰ ਵੇਖ ਕੇ ਸਾਡੇ ਹੋਰਨਾਂ ਹੋਰ ਨੌਜਵਾਨ ਮੁੰਡੇ ਕੁੜੀਆਂ ਉਤਸ਼ਾਹਿਤ ਹੋ ਸਕਣ ਅਤੇ ਆਪਣਾ ਧਿਆਨ ਸਮਰਪਿਤ ਭਾਵਨਾ ਦੇ ਨਾਲ ਆਪੋ -ਆਪਣੇ ਖੇਤਰ ਵਿੱਚ ਦੇ ਸਕਣ, ਤਾਂ ਕਿ ਉਹ ਆਪਣੇ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਸਫਲਤਾ ਦੇ ਰਾਹ ਪਾ ਸਕਣ. ਫੂਲਰਾਜ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਬੜੀ ਫਖਰ ਵਾਲੀ ਗੱਲ ਹੈ ਕਿ ਮੋਹਾਲੀ ਦੀਆਂ ਕਈ ਧੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਹਨ ਅਤੇ ਉਹਨਾਂ ਨੂੰ ਵੀ ਸਨਮਾਨਿਤ ਕਰਨ ਦੇ ਲਈ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਉਹਨਾਂ ਦੱਸਿਆ ਕਿ ਅਗਲੇ ਹਫਤੇ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਰਜਿਸਟਰਡ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਤਾਂ ਕਿ ਸਮੁੱਚੇ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਜਾ ਸਕਣ।












