ਸਕੂਲ ਆਫ ਐਮੀਨੈਂਸ ਮਹਿੰਦਰਗੰਜ ਅਤੇ ਸਰਕਾਰੀ ਹਾਈ ਸਕੂਲ ਖੇੜੀ ਗੰਢਿਆਂ ਦੇ ਵਿਦਿਆਰਥੀਆਂ ਨੂੰ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਕਰੀਅਰ ਚੋਣ ਬਾਰੇ ਅਗਵਾਈ ਦਿੱਤੀ

ਪੰਜਾਬ

ਰਾਜਪੁਰਾ, 18 ਨਵੰਬਰ,ਬੋਲੇ ਪੰਜਾਬ ਬਿਊਰੋ;

ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਸਹਿਯੋਗ ਨਾਲ, ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਪਟਿਆਲਾ ਦੇ ਡੀਈਓ ਸੰਜੀਵ ਸ਼ਰਮਾ ਜੀ ਦੀ ਦੇਖ-ਰੇਖ ਹੇਠ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਰਾਜਪੁਰਾ ਖੇਤਰ ਦੇ ਦੋ ਮਹੱਤਵਪੂਰਨ ਸਕੂਲਾਂ—ਸਕੂਲ ਆਫ ਐਮੀਨੈਂਸ ਮਹਿੰਦਰਗੰਜ ਅਤੇ ਸਰਕਾਰੀ ਹਾਈ ਸਕੂਲ ਖੇੜੀ ਗੰਢਿਆਂ—ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਕਰੀਅਰ ਗਾਈਡੈਂਸ ਅਤੇ ਪ੍ਰੇਰਣਾਤਮਕ ਕਾਊਂਸਲਿੰਗ ਸੈਸ਼ਨ ਆਯੋਜਿਤ ਕੀਤੇ ਗਏ।
ਸਕੂਲ ਆਫ ਐਮੀਨੈਂਸ ਮਹਿੰਦਰਗੰਜ ਵਿੱਚ ਪ੍ਰਿੰਸੀਪਲ ਪੂਨਮ ਕੁਮਾਰੀ ਅਤੇ ਸਰਕਾਰੀ ਹਾਈ ਸਕੂਲ ਖੇੜੀ ਗੰਢਿਆਂ ਵਿੱਚ ਹੈੱਡ ਮਾਸਟਰ ਨਾਇਬ ਸਿੰਘ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਇਹ ਸੈਸ਼ਨ ਵਿਦਿਆਰਥੀਆਂ ਦੇ ਭਵਿੱਖ ਦੀ ਯੋਜਨਾ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਏ। ਇਹਨਾਂ ਸੈਸ਼ਨਾਂ ਵਿੱਚ ਚੰਦਨ ਜੈਨ ਲੈਕਚਰਾਰ ਅੰਗਰੇਜ਼ੀ ਸਸਸ ਕਪੂਰੀ ਕਮ ਬਲਾਕ ਕਾਊਂਸਲਰ ਬਲਾਕ ਰਾਜਪੁਰਾ-1, ਰਾਜਿੰਦਰ ਸਿੰਘ ਚਾਨੀ ਐੱਸ ਐੱਸ ਮਾਸਟਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋਂ ਪ੍ਰੋਫੈਸਰ ਡਾ. ਬਲਰਾਜ ਸਿੰਘ ਅਤੇ ਪ੍ਰੋ. ਅੰਕਿਤਾ ਪੁਰੀ ਨੇ ਮਾਹਿਰ ਬੁਲਾਰਿਆਂ ਵਜੋਂ ਸ਼ਮੂਲੀਅਤ ਕੀਤੀ।
ਮਾਹਿਰਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਦੇ ਉਭਰਦੇ ਰੁਝਾਨਾਂ, ਵੱਖ-ਵੱਖ ਅਕਾਦਮਿਕ ਸਟ੍ਰੀਮਾਂ, ਉੱਚ ਸਿੱਖਿਆ ਵਿੱਚ ਉਪਲਬਧ ਅਨੇਕ ਕੋਰਸਾਂ, ਵੋਕੇਸ਼ਨਲ ਟ੍ਰੇਨਿੰਗ ਦੇ ਮੌਕਿਆਂ, ਰੋਜ਼ਗਾਰ ਦੇ ਬਦਲਦੇ ਢਾਂਚੇ ਅਤੇ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਕਰੀਅਰ ਚੋਣ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਰੀਅਰ ਦੀ ਚੋਣ ਸਿਰਫ਼ ਅੰਕਾਂ ਦਾ ਵਿਸ਼ਾ ਨਹੀਂ, ਸਗੋਂ ਆਪਣੀਆਂ ਤਾਕਤਾਂ, ਜਜ਼ਬੇ ਅਤੇ ਲੰਬੇ ਸਮੇਂ ਦੇ ਟੀਚਿਆਂ ਨੂੰ ਸਮਝ ਕੇ ਲਿਆ ਗਿਆ ਸੋਚ-ਵਿਚਾਰ ਵਾਲਾ ਫ਼ੈਸਲਾ ਹੈ।
ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਵਿਗਿਆਨ, ਕਾਮਰਸ, ਕਲਾ, ਤਕਨੀਕੀ ਸਿੱਖਿਆ, ਡਿਫੈਂਸ, ਸਿਹਤ ਸੇਵਾਵਾਂ, ਕ੍ਰਿਸ਼ੀ ਵਿਗਿਆਨ, ਆਈਟੀ ਸੈਕਟਰ, ਇੰਜੀਨੀਅਰਿੰਗ, ਪੈਰਾ-ਮੈਡੀਕਲ, ਸਕਿਲ ਡਿਵੈਲਪਮੈਂਟ ਕੋਰਸਾਂ ਅਤੇ ਸਰਕਾਰੀ ਨੌਕਰੀਆਂ ਵਗੈਰਾ ਵਿੱਚ ਉਪਲਬਧ ਬੇਹੱਦ ਮੌਕਿਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ।
ਮਾਹਿਰਾਂ ਨੇ ਵੱਖ-ਵੱਖ ਕਿੱਤਿਆਂ ਲਈ ਲਾਜ਼ਮੀ ਯੋਗਤਾਵਾਂ, ਦਾਖਲਾ ਪ੍ਰਕਿਰਿਆਵਾਂ, ਮੁਕਾਬਲਾ ਪ੍ਰੀਖਿਆਵਾਂ, ਵਜ਼ੀਫਿਆਂ ਅਤੇ ਭਵਿੱਖ ਦੇ ਰੁਝਾਨਾਂ ਬਾਰੇ ਵੀ ਰੌਸ਼ਨੀ ਪਾਈ।
ਇਸ ਇੰਟਰੈਕਟਿਵ ਸੈਸ਼ਨ ਦੌਰਾਨ ਵਿਦਿਅਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਮਨ ਵਿੱਚ ਉਠਣ ਵਾਲੇ ਕਰੀਅਰ-ਸਬੰਧੀ ਸਵਾਲ ਪੂਰੇ ਵਿਸ਼ਵਾਸ ਨਾਲ ਪੁੱਛੇ। ਮਾਹਿਰਾਂ ਨੇ ਹਰੇਕ ਸਵਾਲ ਦਾ ਵਿਸਥਾਰ ਨਾਲ ਜਵਾਬ ਦਿੱਤਾ ਅਤੇ ਵਿਦਿਅਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯੋਜਨਾਬੱਧ ਅਤੇ ਲਗਾਤਾਰ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਸੈਸ਼ਨ ਨੇ ਵਿਦਿਆਰਥੀਆਂ ਵਿੱਚ ਇੱਕ ਨਵਾਂ ਜੋਸ਼ ਅਤੇ ਆਤਮ-ਵਿਸ਼ਵਾਸ ਭਰਿਆ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਸਹੀ ਸਮੇਂ ‘ਤੇ ਫ਼ੈਸਲੇ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਭੁਪਿੰਦਰ ਸਿੰਘ ਐੱਸ.ਐੱਸ. ਮਾਸਟਰ, ਰਣਜੋਸ਼ ਸਿੰਘ ਪੰਜਾਬੀ ਮਾਸਟਰ, ਖੇੜੀ ਗੰਢਿਆਂ, ਡਾ. ਜੱਜ ਸਿੰਘ ਲੈਕਚਰਾਰ ਪੰਜਾਬੀ, ਮਿੰਨਾ ਸੇਠੀ, ਲੀਨਾ ਖੰਨਾ ਅਤੇ ਹੋਰ ਅਧਿਆਪਕ ਮੌਜੂਦ ਸਨ। ਅਧਿਆਪਕਾਂ ਨੇ ਇਸ ਪ੍ਰੋਗਰਾਮ ਨੂੰ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਮੋੜ ਦੱਸਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਤਰ੍ਹਾਂ ਦੇ ਸਕਾਰਾਤਮਕ ਉਪਰਾਲਿਆਂ ਲਈ ਧੰਨਵਾਦ ਕੀਤਾ।
ਮਾਸ ਕਾਊਂਸਲਿੰਗ ਪ੍ਰੋਗਰਾਮ ਦੇ ਇਹ ਸੈਸ਼ਨ ਵਿਦਿਆਰਥੀਆਂ ਨੂੰ ਕਰੀਅਰ ਸੰਬੰਧੀ ਜਾਗਰੂਕ ਕਰਨ, ਉਨ੍ਹਾਂ ਦੀਆਂ ਯੋਗਤਾਵਾਂ ਦੀ ਪਛਾਣ ਕਰਵਾਉਣ ਅਤੇ ਉਨ੍ਹਾਂ ਨੂੰ ਇੱਕ ਸਫਲ ਭਵਿੱਖ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।