ਕੈਲਗਰੀ, 21 ਨਵੰਬਰ,ਬੋਲੇ ਪੰਜਾਬ ਬਿਊਰੋ;
ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਕਥਿਤ ਗੈਂਗਸਟਰ ਜਗਦੀਪ ਸਿੰਘ ਹਸਪਤਾਲ ਤੋਂ ਫਰਾਰ ਹੋ ਗਿਆ ਹੈ।ਜਿਸ ਕਾਰਨ ਸਥਾਨਕ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਸ ਏਜੰਸੀ (CBSA) ਵਲੋਂ ਵੱਖ-ਵੱਖ ਅਪਰਾਧਕ ਮਾਮਲਿਆਂ ਹੇਠ ਗ੍ਰਿਫਤਾਰ ਕੀਤਾ ਗਿਆ ਜਗਦੀਪ ਸਿੰਘ ਬੀਤੀ ਰਾਤ ਰੌਕੀਵਿਊ ਹਸਪਤਾਲ ਤੋਂ ਗਾਇਬ ਹੋ ਗਿਆ।
ਮਿਲ ਰਹੀਆਂ ਜਾਣਕਾਰੀਆਂ ਅਨੁਸਾਰ, ਏਜੰਸੀ ਵਲੋਂ ਉਸ ਤੋਂ ਫਿਰੌਤੀ ਅਤੇ ਸੰਬੰਧਤ ਗੈਂਗ ਸਰਗਰਮੀਆਂ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਨੇ ਬਿਮਾਰੀ ਦਾ ਬਹਾਨਾ ਬਣਾਉਂਦੇ ਹੋਏ ਹਸਪਤਾਲ ਦਾਖਲੇ ਦੀ ਮੰਗ ਕੀਤੀ। ਹਸਪਤਾਲ ’ਚ ਦਾਖਲ ਕਰਵਾਏ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ ਉਹ ਹਵਾਲਾਤੀ ਨਿਗਰਾਨੀ ਤੋਂ ਬਚ ਕੇ ਫਰਾਰ ਹੋ ਗਿਆ।
ਸੂਤਰਾਂ ਦੇ ਮੁਤਾਬਕ, CBSA ਦੀ ਰੁਟੀਨ ਕਾਰਵਾਈ ਦੌਰਾਨ, ਜਦੋਂ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਦੀ ਫੜੋ-ਫੜੀ ਕੀਤੀ ਜਾ ਰਹੀ ਸੀ, ਤਦੋਂ ਜਗਦੀਪ ਸਿੰਘ ਅਚਾਨਕ ਹੀ ਕਾਬੂ ਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਉਸ ਤੋਂ ਵੱਡੇ ਅਪਰਾਧਕ ਜਾਲ ਬਾਰੇ ਖੁਲਾਸਿਆਂ ਦੀ ਉਮੀਦ ਸੀ।















