ਗੁਰਦਾਸਪੁਰ, 21 ਨਵੰਬਰ,ਬੋਲੇ ਪੰਜਾਬ ਬਿਊਰੋ;
ਗੁਰਦਾਸਪੁਰ–ਮੁਕੇਰੀਆਂ ਮੁੱਖ ਸੜਕ ‘ਤੇ ਪੁਰਾਣਾ ਸ਼ਾਲਾ ਕਸਬੇ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਪਿਤਾ ਅਤੇ ਉਸ ਦੀ ਚਾਰ ਸਾਲਾ ਧੀ ਦੀ ਮੌਤ ਹੋ ਗਈ, ਜਦਕਿ ਪਤਨੀ ਅਤੇ ਪੁੱਤਰ ਮਾਮੂਲੀ ਜਖ਼ਮੀ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਪ੍ਰਭਜੋਤ ਸਿੰਘ ਪੁੱਤਰ ਗੁਰਚਰਨ ਸਿੰਘ, ਵਾਸੀ ਬੁੱਧੂਪੁਰ (ਥਾਣਾ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ) ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਤੋਂ ਬਾਅਦ ਕਾਰ ਰਾਹੀਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਟਿੱਪਰ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ।
ਟੱਕਰ ਏਨੀ ਭਿਆਨਕ ਸੀ ਕਿ ਡਰਾਈਵਰ ਪ੍ਰਭਜੋਤ ਸਿੰਘ ਅਤੇ ਉਸ ਦੀ ਧੀ ਰਹਿਮਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਪਤਨੀ ਮਨਵੀਰ ਕੌਰ ਅਤੇ ਪੁੱਤਰ ਰਣਜੋਤ ਸਿੰਘ ਹਾਦਸੇ ਵਿੱਚ ਬਾਲ-ਬਾਲ ਬਚ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ।
ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਨਜ਼ਦੀਕੀ ਲੋਕ ਮੌਕੇ ‘ਤੇ ਇਕੱਠੇ ਹੋਏ ਅਤੇ ਬਚਾਅ ਕਾਰਜ ਸ਼ੁਰੂ ਕੀਤਾ।ਦੂਜੇ ਪਾਸੇ, ਕਾਰ ਨੂੰ ਬਚਾਉਂਦੇ ਹੋਏ ਟਿੱਪਰ ਵੀ ਸੜਕ ਤੋਂ ਉਤਰ ਕੇ ਖੇਤਾਂ ਵਿੱਚ ਪਲਟ ਗਿਆ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਜਾਰੀ ਹੈ।












