ਸਰਬੱਤ ਦਾ ਭਲਾ ਟਰਸਟ ਵੱਲੋਂ ਬਣਾਏ 35 ਘਰ ਸਿੱਖ ਸਿਗਲੀਗਰ ਪਰਿਵਾਰਾਂ ਦੇ ਹਵਾਲੇ

ਪੰਜਾਬ

ਲੋਕਾਂ ਦੀ ਹਰ ਸਮੱਸਿਆ ਦਾ ਸਮਾਂ ਰਹਿੰਦਿਆਂ ਹੱਲ ਕਰਨਾ ਹੀ ਟਰਸਟ ਦੀ ਪ੍ਰਾਥਮਿਕਤਾ – ਡਾ. ਐਸ. ਪੀ. ਸਿੰਘ ਉਬਰਾਏ

ਕਵਲਜੀਤ ਸਿੰਘ ਰੂਬੀ ਦੀ ਅਗਵਾਈ ਹੇਠ ਜੁਝਾਰ ਨਗਰ ਵਿਖੇ ਸਮਾਗਮ ਆਯੋਜਿਤ

ਮੋਹਾਲੀ, 23 ਨਵੰਬਰ ,ਬੋਲੇ ਪੰਜਾਬ ਬਿਊਰੋ;

ਅੱਜ ਡਾ. ਐਸ. ਪੀ. ਸਿੰਘ ਉਬਰਾਏ, ਮੈਨੇਜਿੰਗ ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਡਾ. ਰਾਜ ਬਹਾਦਰ ਸਿੰਘ, ਡਾਇਰੈਕਟਰ ਆਰ. ਐਸ. ਆਈ. ਸੈਂਟਰ ਮੋਹਾਲੀ, ਜਸਟਿਸ ਐਮ. ਐਮ. ਐਸ. ਬੇਦੀ (ਸੇਵਾ ਮੁਕਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਹੋਰਾਂ ਵੱਲੋਂ ਟਰਸਟ ਵੱਲੋਂ ਬਣਾਏ ਗਏ 35 ਘਰ ਸਿੱਖ ਸਿਗਲੀਗਰ ਪਰਿਵਾਰਾਂ ਦੇ ਹਵਾਲੇ ਕੀਤੇ ਗਏ। 

ਜਦਕਿ ਜੁਝਾਰ ਨਗਰ ਪਿੰਡ ਵਿੱਚ ਕੁੱਲ 70 ਘਰ ਟਰਸਟ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਐਸ. ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹਾਦਤ ਦਿਵਸ ਨੂੰ ਸਮਰਪਿਤ “ਸਨੀ ਉਬਰਾਏ ਆਵਾਸ ਯੋਜਨਾ” ਦੇ ਤਹਿਤ ਪਿੰਡ ਜੁਝਾਰ ਨਗਰ ਵਿਖੇ ਟਰਸਟ ਵੱਲੋਂ ਸਿਗਲੀਗਰ ਬਿਰਾਦਰੀ ਲਈ 70 ਘਰ ਬਣਾਏ ਜਾ ਰਹੇ ਹਨ। 

ਇਨ੍ਹਾਂ ਵਿੱਚੋਂ 35 ਘਰ ਪਹਿਲੇ ਪੜਾਅ ਵਿੱਚ ਤਿਆਰ ਕਰਕੇ ਉਹਨਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਡਾ. ਐਸ. ਪੀ. ਸਿੰਘ ਉਬਰਾਏ ਅੱਜ ਪਿੰਡ ਜੁਝਾਰ ਨਗਰ ਵਿਖੇ ਟਰਸਟ ਵੱਲੋਂ ਰੱਖੇ ਗਏ ਸਮਾਗਮ ਦੌਰਾਨ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੁਝਾਰ ਨਗਰ ਵਿਖੇ ਜ਼ਿਲ੍ਹਾ ਪ੍ਰਧਾਨ ਕਵਲਜੀਤ ਸਿੰਘ ਰੂਬੀ ਅਤੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ, ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। 

ਇਸ ਮੌਕੇ ਡਾ. ਉਬਰਾਏ ਨੇ ਪਿੰਡ ਵਾਸੀਆਂ ਦੀ ਮੰਗ ‘ਤੇ ਪਿੰਡ ਜੁਝਾਰ ਨਗਰ ਵਿਖੇ ਲੋਕਾਂ ਦੀ ਸਿਹਤ ਸਬੰਧੀ ਜਾਂਚ ਅਤੇ ਟੈਸਟ ਲਈ ਲੈਬ ਖੋਲ੍ਹਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸ ਲੈਬ ਵਿੱਚ ਨਾ-ਮਾਤਰ ਕੀਮਤ ‘ਤੇ ਮਰੀਜ਼ਾਂ ਦੇ ਟੈਸਟ ਕੀਤੇ ਜਾਣਗੇ। 

ਡਾ. ਐਸ. ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਹੁਣ ਤੱਕ ਟਰਸਟ ਵੱਲੋਂ 1450 ਜ਼ਰੂਰਤਮੰਦ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ। 2023 ਵਿੱਚ ਆਏ ਹੜਾਂ ਦੌਰਾਨ ਟਰਸਟ ਦੀਆਂ ਟੀਮਾਂ ਨੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਵੱਡਾ ਕੰਮ ਕੀਤਾ ਸੀ। ਖਾਸ ਕਰਕੇ ਕਿਸਾਨ ਦੋਹਰੀ ਮਾਰ ਦਾ ਸ਼ਿਕਾਰ ਹੋਏ ਸਨ। ਹੜ ਪ੍ਰਭਾਵਿਤ ਲੋਕਾਂ ਨੂੰ ਪਸ਼ੂਆਂ ਲਈ ਚਾਰੇ ਦੀ ਸਭ ਤੋਂ ਵੱਧ ਲੋੜ ਸੀ, ਜਿਸ ਲਈ ਟਰਸਟ ਵੱਲੋਂ 1500 ਟਨ ਚਾਰਾ ਭੇਜਿਆ ਗਿਆ। 

ਇਸ ਤੋਂ ਇਲਾਵਾ ਜਿਨ੍ਹਾਂ ਧੀਆਂ ਦੇ ਵਿਆਹ ਪੱਕੇ ਹੋਏ ਸਨ ਅਤੇ ਉਹਨਾਂ ਨੇ ਦਹੇਜ਼ ਦਾ ਸਮਾਨ ਵੀ ਖਰੀਦ ਰੱਖਿਆ ਸੀ, ਉਹਨਾਂ ਦੇ ਵਿਆਹ ਦੀਆਂ ਤਾਰੀਖਾਂ ਦੁਬਾਰਾ ਰੱਖੀਆਂ ਜਾਣਗੀਆਂ। ਟਰਸਟ ਵੱਲੋਂ ਲਗਭਗ 350 ਧੀਆਂ ਦੇ ਵਿਆਹ ਕਰਵਾਏ ਜਾਣਗੇ ਅਤੇ ਹਰੇਕ ਵਿਆਹ ਲਈ 1 ਲੱਖ ਰੁਪਏ ਦਾ ਜ਼ਰੂਰੀ ਸਮਾਨ ਦਿੱਤਾ ਜਾਵੇਗਾ। 

ਇਨ੍ਹਾਂ ਵਿੱਚੋਂ 12 ਜਰੂਰਤਮੰਦ ਬੱਚਿਆਂ ਦੇ ਵਿਆਹ ਹੋ ਚੁਕੇ ਹਨ ਅਤੇ 23 ਵਿਆਹ ਇਸੇ ਮਹੀਨੇ ਹੋਣ ਜਾ ਰਹੇ ਹਨ। 

ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਇਕਬਾਲ ਸਿੰਘ ਅਤੇ ਕਵਲਜੀਤ ਸਿੰਘ ਰੂਬੀ ਹੋਰਾਂ ਵੱਲੋਂ ਡਾ. ਐਸ. ਪੀ. ਸਿੰਘ ਉਬਰਾਏ, ਡਾ. ਰਾਜ ਬਹਾਦਰ ਅਤੇ ਗੁਰਜੀਤ ਸਿੰਘ ਉਬਰਾਏ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। 

ਇਸ ਮੌਕੇ ਪ੍ਰੇਮ ਸਿੰਘ ਢਿੱਲੋ, ਰਸ਼ਪਾਲ ਸਿੰਘ, ਮੱਖਣ ਸਿੰਘ, ਟਰਸਟ ਜਰਨਲ ਸਕੱਤਰ ਪ੍ਰੋ. ਤੇਜਿੰਦਰ ਸਿੰਘ ਬਰਾੜ, ਪ੍ਰੈਸ ਸਕੱਤਰ- ਪ੍ਰਦੀਪ ਸਿੰਘ ਹੈਪੀ, ਬਲਜੀਤ ਸਿੰਘ ਕੈਲੋ, ਸ਼ਰਨਜੀਤ ਸਿੰਘ ਬੈਂਸ, ਬਾਬਾ ਕਸ਼ਮੀਰਾ ਸਿੰਘ, ਸੋਹਣ ਸਿੰਘ, ਪ੍ਰਤਾਪ ਸਿੰਘ, ਰਾਜਕੁਮਾਰੀ (ਮੈਂਬਰ ਪੰਚਾਇਤ), ਦਰਸ਼ਨ ਮੰਦਰ ਕਮੇਟੀ, ਸੰਦੀਪ ਕੁਮਾਰ ਅਤੇ ਜਸਕਰਨ ਸਿੰਘ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।