ਚੰਡੀਗੜ੍ਹ 27 ਨਵੰਬਰ ,ਬੋਲੇ ਪੰਜਾਬ ਬਿਊਰੋ;
ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ 79 ਮੁੱਖ ਭਾਰਤੀ ਸੰਸਥਾਵਾਂ ਦਾ ਪ੍ਰਤੀਨਿਧਤਵ ਕਰਨ ਵਾਲੇ ਫੋਰਮ “ਇੰਡ – ਯੂਐੱਸ ਕੈਨੇਡਾ” ਨੇ ਭਾਰਤ ਸਰਕਾਰ ਨੂੰ ਪਰਵਾਸੀ ਭਾਰਤੀਆਂ ਲਈ ਡੁਅਲ ਸਿਟੀਜ਼ਨਸ਼ਿਪ (ਦੋਹਰੀ ਨਾਗਰਿਕਤਾ) ਲਾਗੂ ਕਰਨ ਦੀ ਅਪੀਲ ਦੁਹਰਾਈ ਹੈ। ਇਸ ਫੋਰਮ ਦੇ ਪ੍ਰਮੁੱਖ ਵਿਕਰਮ ਬਾਜਵਾ ਨੇ ਕਿਹਾ ਕਿ ਡੁਅਲ ਸਿਟੀਜ਼ਨਸ਼ਿਪ ਕੋਈ ਸਧਾਰਣ ਪ੍ਰਸ਼ਾਸਨਿਕ ਕਦਮ ਨਹੀਂ, ਸਗੋਂ ਭਾਰਤ ਦੀ ਵਿਸ਼ਵ ਪੱਧਰ ‘ਤੇ ਸਥਿਤੀ ਨੂੰ ਬਦਲ ਸਕਣ ਵਾਲਾ ਇੱਕ ਇਤਿਹਾਸਕ ਫੈਸਲਾ ਹੋ ਸਕਦਾ ਹੈ।
ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਬਾਜਵਾ ਨੇ ਵਿਦੇਸ਼ ਮੰਤਰਾਲੇ ਦੇ ਅੰਕੜੇ ਦਰਸਾਉਂਦੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ 80 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਵਸਦੇ ਹਨ, ਜੋ ਭਾਰਤ ਲਈ ਇੱਕ ਵੱਡੀ ਤਾਕਤ ਹਨ। ਪਰ ਡੁਅਲ ਸਿਟੀਜ਼ਨਸ਼ਿਪ ਦੇ ਅਧਿਕਾਰਾਂ ਦੀ ਕਮੀ ਕਾਰਨ ਭਾਰਤ ਉਨ੍ਹਾਂ ਦੀ ਵਿੱਤੀ ਸਮਰੱਥਾ, ਪੇਸ਼ਾਵਰ ਕਾਬਲੀਆਂ ਅਤੇ ਗਲੋਬਲ ਪ੍ਰਭਾਵ ਦਾ ਪੂਰਾ ਲਾਭ ਨਹੀਂ ਲੈ ਸਕਦਾ। ਬਾਜਵਾ ਨੇ ਇਸ ਗੱਲ ‘ਤੇ ਹੈਰਾਨੀ ਜਤਾਈ ਕਿ ਜਦੋਂ ਇਜ਼ਰਾਈਲ, ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਇੱਥੋਂ ਤੱਕ ਕਿ ਪਾਕਿਸਤਾਨ ਵੀ ਆਪਣੇ ਪਰਵਾਸੀਆਂ ਲਈ ਡੁਅਲ ਸਿਟੀਜ਼ਨਸ਼ਿਪ ਵਰਗੇ ਫਾਇਦੇ ਦੇ ਰਹੇ ਹਨ, ਤਾਂ ਭਾਰਤ ਕਿਉਂ ਚੁੱਪ ਹੈ?
ਉਨ੍ਹਾਂ ਕਿਹਾ ਕਿ ਡੁਅਲ ਸਿਟੀਜ਼ਨਸ਼ਿਪ ਭਾਰਤ ਨੂੰ ਗਲੋਬਲ ਅਰਥਵਿਵਸਥਾ ਨਾਲ ਹੋਰ ਮਜ਼ਬੂਤੀ ਨਾਲ ਜੋੜ ਸਕਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਿਤ ਭਾਰਤ ਮਿਸ਼ਨ ਨੂੰ ਤੇਜ਼ੀ ਦੇ ਨਾਲ ਅੱਗੇ ਵਧਾ ਸਕਦੀ ਹੈ। ਹਾਲੀਆ ਜਿਓ-ਪੋਲਿਟਿਕਲ ਤਣਾਅ ਅਤੇ ਨੀਤੀ ਬਦਲਾਵਾਂ ਕਾਰਨ ਕਈ ਭਾਰਤੀ-ਅਮਰੀਕੀ ਪੇਸ਼ੇਵਰ ਅਤੇ ਉਦਯੋਗਪਤੀ ਅਣਜਾਣਤਾ ਦਾ ਸਾਹਮਣਾ ਕਰ ਰਹੇ ਹਨ। ਡੁਅਲ ਸਿਟੀਜ਼ਨਸ਼ਿਪ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਅਤੇ ਸੰਪਤੀ ਬਣਾਉਣ ਲਈ ਕਾਨੂੰਨੀ ਸੁਰੱਖਿਆ ਅਤੇ ਸਥਿਰਤਾ ਮੁਹੱਈਆ ਕਰ ਸਕਦੀ ਹੈ।
ਕੈਨੇਡਾ ਵਿੱਚ ਖ਼ਾਸਕਰ ਪੰਜਾਬੀ ਭਾਈਚਾਰੇ ਵਿਰੁੱਧ ਵੱਧ ਰਹੇ ਅਪਰਾਧਾਂ ਤੇ ਬਾਜਵਾ ਨੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਡੁਅਲ ਸਿਟੀਜ਼ਨਸ਼ਿਪ ਨਾਲ ਪਰਵਾਸੀ ਪਰਿਵਾਰਾਂ ਨੂੰ ਵੱਧ ਸੁਰੱਖਿਆ, ਕਾਨੂੰਨੀ ਸਪਸ਼ਟਤਾ ਅਤੇ ਭਾਰਤ ਵੱਲੋਂ ਦ੍ਰਿੜ੍ਹ ਸਹਿਯੋਗ ਮਿਲੇਗਾ।
ਫੋਰਮ ਨੇ ਇਹ ਵੀ ਕਿਹਾ ਕਿ ਡੁਅਲ ਸਿਟੀਜ਼ਨਸ਼ਿਪ ਨਾਲ ਭਾਰਤ ਦੀ ਆਰਥਿਕ, ਸੱਭਿਆਚਾਰਕ ਅਤੇ ਕੂਟਨੀਤਿਕ ਤਾਕਤ ਵਿਸ਼ਵ ਪੱਧਰ ‘ਤੇ ਹੋਰ ਮਜ਼ਬੂਤ ਹੋਵੇਗੀ। ਇਹ ਕਦਮ ਭਾਰਤ ਦੀ ਸੌਫਟ ਪਾਵਰ ਨੂੰ ਵਧਾਉਣ ਦੇ ਨਾਲ ਨਾਲ ਟੈਕਨੋਲੋਜੀ, ਰੀਅਲ ਐਸਟੇਟ, ਸਟਾਰਟਅਪ ਅਤੇ ਰਿਸਰਚ ਵਰਗੇ ਖੇਤਰਾਂ ਵਿੱਚ ਵੱਡੇ ਨਿਵੇਸ਼ ਦਾ ਰਸਤਾ ਖੋਲ੍ਹੇਗਾ। ਇਸ ਨਾਲ ਨੋਲੇਜ ਟ੍ਰਾਂਸਫਰ ਅਤੇ ਇਨੋਵੇਸ਼ਨ ਸਹਿਕਾਰਤਾ ਵੀ ਆਸਾਨ ਹੋਵੇਗੀ। ਟੂਰਿਜ਼ਮ ਖੇਤਰ ਵਿੱਚ ਵੀ ਇਸ ਦਾ ਵੱਡਾ ਸਕਾਰਾਤਮਕ ਅਸਰ ਪਵੇਗਾ। ਯਾਤਰਾ ਵਿੱਚ ਸੁਵਿਧਾ, ਨਿਯਮਾਂ ਦੀ ਸਾਦਗੀ ਅਤੇ ਭਾਵਨਾਤਮਕ ਜੋੜ ਨਾਲ ਪਰਵਾਸੀ ਪਰਿਵਾਰ ਭਾਰਤ ਨਾਲ ਸਮਾਜਿਕ ਤੇ ਸ਼ਿਖਿਆ ਵਿਚ ਯੋਗਦਾਨ ਵਧਾ ਸਕਣਗੇ।
ਅੰਤ ਵਿੱਚ, ਇੰਡ -ਯੂਐਸ ਕੈਨੇਡਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਨੀਤੀ ਨਿਰਮਾਤਾਵਾਂ ਨੂੰ ਵਿਸ਼ਵਵਿਆਪੀ ਭਾਰਤੀ ਭਾਈਚਾਰੇ ਦੀ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ। ਫੋਰਮ ਨੇ ਕਿਹਾ ਕਿ ਦੋਹਰੀ ਨਾਗਰਿਕਤਾ ਸਿਰਫ਼ ਇੱਕ ਵਿਸ਼ੇਸ਼ ਅਧਿਕਾਰ ਨਹੀਂ ਹੈ, ਸਗੋਂ ਵਿਸ਼ਵ ਪੱਧਰ ‘ਤੇ ਭਾਰਤ ਦੀ ਪੂਰੀ ਸਮਰੱਥਾ ਨੂੰ ਉਜਾਗਰ ਕਰਨ ਦਾ ਇੱਕ ਸ਼ਕਤੀਸ਼ਾਲੀ ਤਰੀਕਾ ਹੈ।












