ਈ ਰਿਕਸ਼ਾ ਆਟੋ ਯੂਨੀਅਨ (ਲਿਬਰੇਸ਼ਨ)ਦੇ ਆਗੂ ਦਾਚ
29 ਨਵੰਬਰ ਮਾਨਸਾ ,ਬੋਲੇ ਪੰਜਾਬ ਬਿਊਰੋ:
ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਲਿਬਰੇਸ਼ਨ) ਵੱਲੋਂ ਥਾਣਾ ਸਿਟੀ-2 ਮਾਨਸਾ ਦੇ ਗੇਟ ਅੱਗੇ ਈ ਰਿਕਸ਼ਾ ਆਟੋ ਯੂਨੀਅਨ ਦੇ ਆਗੂ ਨਿਰਮਲ ਸਿੰਘ ਤੋਂ ਕਰਤਾਰ ਆਟੋ ਏਜੰਸੀ ਵੱਲੋਂ ਆਟੋ ਖੋਹਣ ਖਿਲਾਫ ਪਰਚਾ ਦਰਜ ਕਰਵਾਉਣ ਲਈ ਧਰਨਾ ਦਿੱਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਲਿਬਰੇਸ਼ਨ) ਦੇ ਜ਼ਿਲਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਗਣਾਂ ਨੇਂ ਕਿਹਾ ਕਿ ਬੀਤੇ ਕੱਲ੍ਹ ਸ਼ਾਮ ਨੂੰ ਐੱਸ ਐੱਚ ਉ ਸਿਟੀ-2 ਵੱਲੋਂ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ,ਪਰ ਪ੍ਰਸ਼ਾਸਨ ਦੀ ਨਾਕਾਮੀ ਉਸ ਸਮੇਂ ਸਾਡੇ ਸਾਹਮਣੇ ਆਈ ਜਦੋਂ ਨਿਰਮਲ ਸਿੰਘ ਦਾ ਆਟੋ ਐੱਸ ਐੱਚ ਓ ਸਿਟੀ-2 ਦੀ ਮਿਲੀਭੁਗਤ ਨਾਲ ਕਰਤਾਰ ਆਟੋ ਏਜੰਸੀ ਵਾਲੇ ਥਾਣੇ ਦੇ ਗੇਟ ਅੱਗੋਂ ਹੀ ਚੋਰੀ ਕਰਕੇ ਲੈ ਗਏ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਹਿ ਗਿਆ। ਉਹਨਾਂ ਕਿਹਾ ਕਿ ਉਕਤ ਏਜੰਸੀ ਵਾਲੇ ਆਟੋ ਖਰੀਦਣ ਸਮੇਂ ਵੀ ਵਿਕਰੇਤਾ ਤੋਂ ਕੀਮਤ ਤੋਂ ਗੈਰ ਕਾਨੂੰਨੀ ਢੰਗ ਨਾਲ ਵੱਧ ਰਾਸ਼ੀ ਵਸੂਲ ਕਰਕੇ ਅੰਨੀ ਲੁੱਟ ਕਰ ਰਹੇ ਹਨ ਅਤੇ ਜ਼ਿਲ੍ਹੇ ਦਾ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਜਥੇਬੰਦੀ ਵੱਲੋਂ ਆਟੋ ਏਜੰਸੀ ਦੀ ਅੰਨੀ ਲੁੱਟ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਏਜੰਸੀ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਅੱਜ ਵੱਡੀ ਪੱਧਰ ਤੇ ਆਟੋ ਚਾਲਕ ਸੜਕਾਂ ਤੇ ਉਤਰਨ ਅਤੇ ਥਾਣੇ ਦੇ ਗੇਟ ਅੱਗੇ ਧਰਨਾ ਦੇਣ ਲਈ ਮਜਬੂਰ ਹਨ। ਉਹਨਾਂ ਮੰਗ ਕੀਤੀ ਕਿ ਕਰਤਾਰ ਆਟੋ ਏਜੰਸੀ ਦੇ ਮਾਲਕਾਂ ਉੱਪਰ ਚੋਰੀ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਐੱਸ ਐੱਚ ਓ ਵੱਲੋਂ ਵਰਤੀ ਗਈ ਅਣਗਹਿਲੀ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕਰਕੇ ਨਿਰਮਲ ਸਿੰਘ ਨੂੰ ਇਨਸਾਫ ਦਵਾਇਆ ਜਾਵੇ ਅਤੇ ਐਲਾਨ ਕੀਤਾ ਕਿ ਜਿੰਨਾ ਸਮਾਂ ਮਾਮਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਥਾਣਾ ਸਿਟੀ-2 ਦੇ ਗੇਟ ਅੱਗੇ ਪੱਕਾ ਧਰਨਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਕਾਮਰੇਡ ਜਸਵੀਰ ਕੌਰ ਨੱਤ,ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਆਗੂ ਕਾਮਰੇਡ ਗੁਰਸੇਵਕ ਸਿੰਘ ਮਾਨ,ਅੰਗਰੇਜ਼ ਘਰਾਗਣਾਂ,ਵਿਦਿਆਰਥੀ ਆਗੂ ਸੁਖਜੀਤ ਰਾਮਾਨੰਦੀ,ਆਟੋ ਯੂਨੀਅਨ ਦੇ ਆਗੂ ਗੇਜਾ ਸਿੰਘ,ਕਾਮਰੇਡ ਦਾਰਾ ਖਾਂ ਦਲੇਲ ਸਿੰਘ ਵਾਲਾ, ਕਾਮਰੇਡ ਹਾਕਮ ਸਿੰਘ ਖਿਆਲਾ ਕਲਾਂ,ਈ ਰਿਕਸ਼ਾ ਆਟੋ ਯੂਨੀਅਨ ਵੱਲੋਂ ਰਾਜੀਵ,ਦੀਪ,ਧੀਰਨ,ਰਾਜੂ,ਪਾਲੀ ਅਤੇ ਰਣਜੀਤ ਸਿੰਘ ਹਾਜ਼ਰ ਸਨ।












