ਚੇਨਈ, 29 ਨਵੰਬਰ,ਬੋਲੇ ਪੰਜਾਬ ਬਿਊਰੋ;
ਤਾਮਿਲਨਾਡੂ ਦੇ ਤੱਟਾਂ ‘ਤੇ ਚੱਕਰਵਾਤੀ ਤੂਫ਼ਾਨ ‘ਦਿਤਵਾਹ’ ਕਾਰਨ ਖ਼ਤਰਾ ਵਧ ਗਿਆ ਹੈ। IMD ਨੇ ਦੱਖਣੀ ਅਤੇ ਕਾਵੇਰੀ ਡੈਲਟਾ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਗਲੇ 24 ਘੰਟਿਆਂ ਵਿੱਚ 20 ਸੈਂਟੀਮੀਟਰ ਤੋਂ ਵੱਧ ਭਾਰੀ ਮੀਂਹ ਦੀ ਸੰਭਾਵਨਾ ਹੈ।
ਤੂਫ਼ਾਨ ਹੌਲੀ ਰਫ਼ਤਾਰ ਨਾਲ ਉੱਤਰ ਵੱਲ ਵਧ ਰਿਹਾ ਹੈ। ਫਿਲਹਾਲ ਇਹ ਕਰਾਈਕਲ ਤੋਂ 300 ਕਿਮੀ, ਪੁਡੂਚੇਰੀ ਤੋਂ 410 ਕਿਮੀ ਅਤੇ ਚੇਨਈ ਤੋਂ 510 ਕਿਲੋਮੀਟਰ ਦੂਰ ਹੈ। ਮਾਹਿਰਾਂ ਅਨੁਸਾਰ, 30 ਨਵੰਬਰ ਦੀ ਸਵੇਰ ਤੱਕ ਇਹ ਤਾਮਿਲਨਾਡੂ, ਪੁਡੂਚੇਰੀ ਅਤੇ ਦੱਖਣੀ ਆਂਧਰਾ ਦੇ ਤੱਟਾਂ ਨੇੜੇ ਪਹੁੰਚੇਗਾ।
29–30 ਨਵੰਬਰ ਦੌਰਾਨ ਤੱਟੀ ਅਤੇ ਡੈਲਟਾ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਮਛੇਰਿਆਂ ਅਤੇ ਲੋਕਾਂ ਨੂੰ ਸਮੁੰਦਰੀ ਤੱਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਮੁੱਖ ਮੰਤਰੀ ਐਮ. ਕੇ. ਸਟਾਲਿਨ ਨੇ ਐਮਰਜੈਂਸੀ ਸੈਂਟਰ ‘ਚ ਸਥਿਤੀ ਦੀ ਸਮੀਖਿਆ ਕੀਤੀ ਅਤੇ ਰੈੱਡ ਅਲਰਟ ਵਾਲੇ ਜ਼ਿਲ੍ਹਿਆਂ ਦੇ ਕਲੈਕਟਰਾਂ ਨਾਲ ਵੀਡੀਓ ਕਾਨਫਰੰਸ ਕੀਤੀ। ਸੰਵੇਦਨਸ਼ੀਲ ਖੇਤਰਾਂ ਵਿੱਚ ਸੀਨੀਅਰ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ, ਖ਼ਾਸਕਰ ਉੱਥੇ ਜਿੱਥੇ ਪਿਛਲੇ ਮਹੀਨੇ ਆਏ ‘ਮੋਂਥਾ’ ਤੂਫ਼ਾਨ ਦਾ ਵੱਡਾ ਅਸਰ ਪਿਆ ਸੀ।














