ਵਿਧਾਇਕ ਨੂੰ ਮਿਲਣ ਦਾ ਕੀਤਾ ਫੈਸਲਾ, ਮਾਮਲਾ ਹੱਲ ਨਾ ਹੋਣ ਤੇ ਹਾਈਕੋਰਟ ਵਿਚ ਜਾਣ ਦਾ ਕੀਤਾ ਐਲਾਨ
ਐੱਸਏਐੱਸ ਨਗਰ (ਮੁਹਾਲੀ), 30 ਨਵੰਬਰ,ਬੋਲੇ ਪੰਜਾਬ ਬਿਊਰੋ;
ਮੁਹਾਲੀ ਦੀ ਨਗਰ ਨਿਗਮ ਦੀ ਹੱਦਬੰਦੀ ਵਧਾਉਣ ਸਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਵਿਚ ਪਿੰਡ ਚਿੱਲਾ ਨੂੰ ਸ਼ਾਮਿਲ ਕਰਨ ਦੇ ਪਿੰਡ ਦੇ ਵਸਨੀਕਾਂ ਨੇ ਵਿਰੋਧ ਕੀਤਾ ਹੈ। ਪਿੰਡ ਵਾਸੀਆਂ ਨੇ ਇਕੱਤਰਤਾ ਕਰਕੇ ਸਰਕਾਰੀ ਨੋਟੀਫ਼ਿਕੇਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਦੇ ਵਸਨੀਕਾਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਮੰਗ ਪੱਤਰ ਦੇਣਗੇ ਅਤੇ ਜੇਕਰ ਫੇਰ ਵੀ ਉਨ੍ਹਾਂ ਦਾ ਪਿੰਡ ਸ਼ਹਿਰੀ ਹੱਦਬੰਦੀ ਵਿਚੋਂ ਵਾਪਿਸ ਨਾ ਕੱਢਿਆ ਗਿਆ ਤਾਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਪਿੰਡ ਦੇ ਸਰਪੰਚ ਅਮਰੀਕ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਸੰਤੋਖ ਸਿੰਘ, ਅਮਰਾਓ ਸਿੰਘ, ਪਰਵਿੰਦਰ ਸਿੰਘ, ਰਮਨਜੀਤ ਸਿੰਘ, ਅਮਰੀਕ ਸਿੰਘ, ਗੁਰਦੇਵ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਰਚਨ ਸਿੰਘ, ਗੁਰਜੀਤ ਸਿੰਘ, ਦੇਵੀ ਚਰਨ, ਮੋਹਿਤ ਆਦਿ ਨੇ ਦੱਸਿਆ ਕਿ ਪਿੰਡ ਚਿੱਲਾ ਨੇ ਕਦੇ ਵੀ ਨਗਰ ਨਿਗਮ ਵਿਚ ਸ਼ਾਮਿਲ ਹੋਣ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਪੰਚਾਇਤੀ ਮਤੇ ਤੋਂ, ਬਿਨ੍ਹਾਂ ਪਿੰਡ ਵਾਸੀਆਂ ਦੇ ਕੋਈ ਇਤਰਾਜ਼ ਅਤੇ ਸੁਝਾਅ ਹਾਸਿਲ ਕੀਤਿਆਂ ਉਨ੍ਹਾਂ ਦੇ ਪਿੰਡ ਨੂੰ ਨਗਰ ਨਿਗਮ ਵਿਚ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਪਿੰਡ ਵਾਸੀਆਂ ਨਾਲ ਬੇਇਨਸਾਫ਼ੀ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਪਣੇ ਪਿੰਡ ਦੀ ਮੌਜੂਦਾ ਹੋਂਦ ਹੀ ਬਰਕਰਾਰ ਰੱਖਣੀ ਚਾਹੁੰਦੇ ਹਨ। ਸ਼ਹਿਰ ਦੀ ਹਦੂਦ ਵਿਚ ਸ਼ਾਮਿਲ ਹੋਣ ਨਾਲ ਉਨ੍ਹਾਂ ਨੂੰ ਸਹੂਲਤਾਂ ਘੱਟ ਮਿਲਣਗੀਆਂ, ਜਦੋਂ ਕਿ ਪਿੰਡ ਵਾਸੀਆਂ ਤੇ ਟੈਕਸਾਂ ਦਾ ਬੋਝ ਵੱਧ ਵਧੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਨੂੰ ਜਿਉਂ ਦਾ ਤਿਉਂ ਹੀ ਰੱਖਿਆ ਜਾਵੇ ਅਤੇ ਇਸ ਨੂੰ ਨਿਗਮ ਵਿਚ ਸ਼ਾਮਿਲ ਨਾ ਕੀਤਾ ਜਾਵੇ।
ਰੁੜਕਾ ਅਤੇ ਕੰਬਾਲੀ ਵੱਲੋਂ ਵੀ ਵਿਰੋਧ
ਪਿੰਡ ਰੁੜਕਾ ਦੇ ਸਰਪੰਚ ਹਰਜੀਤ ਸਿੰਘ ਅਤੇ ਪਿੰਡ ਕੰਬਾਲੀ ਦੇ ਸਰਪੰਚ ਅਜੀਤ ਸਿੰਘ ਸੰਧੂ ਨੇ ਵੀ ਉਨ੍ਹਾਂ ਦੇ ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਿਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਦੋਹਾਂ ਸਰਪੰਚਾਂ ਨੇ ਆਖਿਆ ਕਿ ਉਹ ਆਪਣੇ ਪਿੰਡ ਦੀ ਮੌਜੂਦਾ ਹੋਂਦ ਹੀ ਕਾਇਮ ਰੱਖਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਇਹ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿਚ ਲਿਆਉਣਗੇ ਅਤੇ ਜੇਕਰ ਮਾਮਲੇ ਦਾ ਹੱਲ ਨਾ ਹੋਇਆ ਤਾਂ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।












