ਤਰਨਤਾਰਨ, 4 ਦਸੰਬਰ, ਬੋਲੇ ਪੰਜਾਬ ਬਿਊਰੋ :
ਤਰਨਤਾਰਨ ਜ਼ਿਲ੍ਹੇ ਵਿੱਚ ਵੈਰੋਵਾਲ ਪੁਲਿਸ ਨੇ ਨਾਗੋਕੇ ਬ੍ਰਿਜ ਨੇੜੇ ਕੀਤੀ ਨਾਕੇਬੰਦੀ ਦੌਰਾਨ ਇੱਕ ਬਿਨਾਂ ਨੰਬਰ ਵਾਲੀ ਐਕਸ.ਯੂ.ਵੀ. ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਨੇ ਰੁਕਣ ਦੀ ਬਜਾਏ ਗੱਡੀ ਤੇਜ਼ੀ ਨਾਲ ਭਜਾ ਲਈ। ਪੁਲਿਸ ਵੱਲੋਂ ਪਿੱਛਾ ਕਰਨ ’ਤੇ ਡਰਾਈਵਰ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਮੁਕਾਬਲੇ ਦੌਰਾਨ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ। ਹਨੇਰਾ ਹੋਣ ਕਾਰਨ ਭੱਜ ਰਹੇ ਵਿਅਕਤੀ ਦੀ ਗੱਡੀ ਸਲਿਪ ਹੋ ਕੇ ਖੇਤਾਂ ਵਿੱਚ ਜਾ ਅਟਕੀ। ਪੁਲਿਸ ਨੇ ਉਸਨੂੰ ਰੋਕਣ ਲਈ ਕੀਤੇ ਫਾਇਰ ਵਿੱਚ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਡਿੱਗ ਪਿਆ ਅਤੇ ਕਾਬੂ ਆ ਗਿਆ।
ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ। ਜ਼ਖਮੀ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਵੈਰੋਵਾਲ ਲਿਜਾਇਆ ਗਿਆ।
ਡੀ.ਐਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਰਕੇਸ਼ ਭਾਰਤੀ, ਨਿਵਾਸੀ ਬਿਆਸ ਵਜੋਂ ਹੋਈ ਹੈ। ਬਿਨਾਂ ਨੰਬਰ ਵਾਲੀ ਐਕਸ.ਯੂ.ਵੀ. ਗੱਡੀ ਅਤੇ ਬਰਾਮਦ ਹਥਿਆਰਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।












