ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ

ਚੰਡੀਗੜ੍ਹ

ਚੰਡੀਗੜ੍ਹ, 7 ਦਸੰਬਰ ,ਬੋਲੇ ਪੰਜਾਬ ਬਿਊਰੋ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਸਫ਼ੀਰ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਕੋਰੀਆਈ ਕੰਪਨੀਆਂ ਨੂੰ ਪੰਜਾਬ, ਜੋ ਹੁਣ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉੱਭਰਿਆ ਹੈ, ਵਿੱਚ ਨਿਵੇਸ਼ ਲਈ ਪ੍ਰੇਰਿਤ ਕੀਤਾ ਜਾ ਸਕੇ।

ਦੱਖਣੀ ਕੋਰੀਆ ਦੀ ਆਪਣੀ ਫੇਰੀ ਦੌਰਾਨ ਸਿਓਲ ਵਿੱਚ ਪੰਜਾਬੀ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਕਾਰਨ ਨਿਵੇਸ਼ਕ ਪਹਿਲਾਂ ਹੀ ਪੰਜਾਬ ਵਿੱਚ ਨਿਵੇਸ਼ ਲਈ ਅੱਗੇ ਆ ਰਹੇ ਹਨ ਅਤੇ ਸਿਓਲ ਵਿੱਚ ਪੰਜਾਬੀਆਂ ਨੂੰ ਸੂਬੇ ਦੇ ਬ੍ਰਾਂਡ ਅੰਬੈਸਡਰ ਬਣ ਕੇ ਨਿਵੇਸ਼ ਆਕਰਸ਼ਿਤ ਕਰਨ ਵਿੱਚ ਹੋਰ ਮਦਦ ਕਰਨੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹਨ ਅਤੇ ਸਾਡੇ ਵਿੱਚੋਂ ਹਰੇਕ ਨੂੰ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਪੈਂਡੇ ‘ਤੇ ਪਾਉਣ ਲਈ ਯਤਨ ਕਰਨੇ ਚਾਹੀਦੇ ਹਨ। ਪੰਜਾਬੀਆਂ ਨਾਲ ਭਾਵਨਾਤਮਕ ਸਾਂਝ ਦਰਸਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਸੂਬੇ ਵਿੱਚ ਉਦਯੋਗਾਂ ਲਈ ਅਨੁਕੂਲ ਮਾਹੌਲ ਮੁਹੱਈਆ ਕਰ ਰਹੀ ਹੈ ਅਤੇ ਹੁਣ ਆਪਣੀ ਜਨਮ ਭੂਮੀ ਦੀ ਸੇਵਾ ਕਰਨ ਦੀ ਪਰਵਾਸੀ ਪੰਜਾਬੀਆਂ ਦੀ ਵਾਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਨਾਲ ਹੀ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਰੰਗਲਾ ਪੰਜਾਬ ਬਣੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬੀ ਆਲਮੀ ਨਾਗਰਿਕ ਹਨ, ਜਿਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਆਪਣੇ ਲਈ ਵੱਖਰਾ ਮੁਕਾਮ ਬਣਾਇਆ ਹੈ ਅਤੇ ਸਖ਼ਤ ਮਿਹਨਤ ਦਾ ਜਜ਼ਬਾ ਪੰਜਾਬੀਆਂ ਦੇ ਖ਼ੂਨ ਵਿੱਚ ਰਚੇ ਹੋਏ ਹਨ।

ਮੁੱਖ ਮੰਤਰੀ ਨੇ ਪੰਜਾਬੀ ਭਾਈਚਾਰੇ ਦੀ ਉੱਦਮੀ ਭਾਵਨਾ, ਸੱਭਿਆਚਾਰਕ ਵਚਨਬੱਧਤਾ ਅਤੇ ਲੋਕਾਂ-ਤੋਂ-ਲੋਕਾਂ ਅਤੇ ਕਾਰੋਬਾਰ-ਤੋਂ-ਕਾਰੋਬਾਰ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਲਈ ਪ੍ਰਸੰਸਾ ਕੀਤੀ। ਉਨ੍ਹਾਂ ਪੰਜਾਬ ਨੂੰ ਤਰਜੀਹੀ ਨਿਵੇਸ਼ ਸਥਾਨ ਵਜੋਂ ਪੇਸ਼ ਕਰਨ ਲਈ ਕੋਰੀਆਈ ਕੰਪਨੀਆਂ ਦਾ ਮਾਰਗਦਰਸ਼ਨ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਵੀ ਅਪੀਲ ਕੀਤੀ। ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਰੋਜ਼ਗਾਰ, ਨਵੀਨਤਾ ਅਤੇ ਤਕਨਾਲੋਜੀ ਸਹਿਯੋਗ ਲਈ ਵਧੇਰੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਨ ਲਈ ਉਨ੍ਹਾਂ ਤੋਂ ਸਮਰਥਨ ਅਤੇ ਸਹਿਯੋਗ ਮੰਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ ਕਿ ਪੰਜਾਬ ਨੂੰ ਨੀਤੀ ਵਿੱਚ ਸਥਿਰਤਾ, ਫੈਸਲੇ ਲੈਣ ਵਿੱਚ ਤੇਜ਼ੀ ਅਤੇ ਨਿਵੇਸ਼ਕਾਂ ਦੇ ਸਮੇਂ ਤੇ ਭਰੋਸੇ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਦੀ ਪੇਸ਼ਕਸ਼ ਕਰ ਕੇ ਵਿਸ਼ਵ-ਵਿਆਪੀ ਉਦਯੋਗ ਲਈ ਪਸੰਦੀਦਾ ਸਥਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦ੍ਰਿਸ਼ਟੀਕੋਣ ਸਾਂਝੇਦਾਰੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਇਹ ਯਕੀਨੀ ਬਣਾਉਣ ‘ਤੇ ਅਧਾਰਤ ਹੈ ਕਿ ਸਰਕਾਰ ਵਿਕਾਸ ਦੀ ਸਹਿਯੋਗੀ ਬਣੇ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ, ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕੀਤਾ ਹੈ ਅਤੇ ਨਿਵੇਸ਼ ਲਈ ਨਵੇਂ ਰਸਤੇ ਖੋਲ੍ਹੇ ਹਨ।

ਮੁੱਖ ਮੰਤਰੀ ਨੇ ਸੂਬੇ ਦੇ ਸ਼ਾਸਨ ਅਤੇ ਰੈਗੂਲੇਟਰੀ ਸੁਧਾਰਾਂ ਨੂੰ ਵੀ ਦਰਸਾਇਆ, ਜਿਸ ਵਿੱਚ ਫਾਸਟ੍ਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ ਸ਼ਾਮਲ ਹੈ, ਜੋ 173 ਸੇਵਾਵਾਂ, ਆਟੋ-ਡੀਮਡ ਪ੍ਰਵਾਨਗੀਆਂ, ਕਾਰੋਬਾਰੀਆਂ ਦੀ ਪੈਨ-ਆਧਾਰਤ ਪਛਾਣ ਅਤੇ ਪੰਜਾਬ ਕਾਰੋਬਾਰ ਅਧਿਕਾਰ ਐਕਟ ਵਿੱਚ ਸੋਧਾਂ ਸ਼ਾਮਲ ਹਨ, ਜੋ ਸਮਾਂਬੱਧ ਸਿਧਾਂਤਕ ਪ੍ਰਵਾਨਗੀਆਂ ਨੂੰ ਸਮਰੱਥ ਬਣਾਉਂਦੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਬੁਨਿਆਦੀ ਢਾਂਚੇ ‘ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ 1.4 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪਹਿਲਾਂ ਹੀ ਇਨਵੈਸਟ ਪੰਜਾਬ ਰਾਹੀਂ ਯਕੀਨੀ ਬਣਾਇਆ ਜਾ ਚੁੱਕਾ ਹੈ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਰਲ ਅਤੇ ਸਪੱਸ਼ਟ ਹੈ ਕਿ ਨੀਤੀ ਵਿੱਚ ਸਥਿਰਤਾ, ਫੈਸਲੇ ਲੈਣ ਵਿੱਚ ਗਤੀ ਅਤੇ ਨਿਵੇਸ਼ਕਾਂ ਦੇ ਸਮੇਂ ਅਤੇ ਵਿਸ਼ਵਾਸ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਦੀ ਪੇਸ਼ਕਸ਼ ਕਰ ਕੇ ਪੰਜਾਬ ਨੂੰ ਵਿਸ਼ਵ ਉਦਯੋਗ ਲਈ ਪਸੰਦੀਦਾ ਸਥਾਨ ਬਣਾਇਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸੋਚ ਭਾਈਵਾਲੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ ਤੇ ਅਧਾਰਤ ਹੈ ਤਾਂ ਜੋ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਵਿਕਾਸ ਦੀ ਦਿਸ਼ਾ ਵਿੱਚ ਸਰਕਾਰ ਪ੍ਰੇਰਕ ਵਜੋਂ ਸਾਕਾਰਾਤਮਕ ਕੰਮ ਕਰ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ, ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕੀਤਾ ਹੈ ਅਤੇ ਨਿਵੇਸ਼ ਲਈ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਉਦਯੋਗ ਜਗਤ ਵਿਚਕਾਰ ਭਾਈਵਾਲੀ ਸਫ਼ਲਤਾ ਦੀ ਕੁੰਜੀ ਹੈ ਅਤੇ ਸੂਬਾ ਸਰਕਾਰ ਦਾ ਦ੍ਰਿੜ੍ਹ ਭਰੋਸਾ ਹੈ ਕਿ ਉਦਯੋਗਿਕ ਵਿਕਾਸ ਉਦੋਂ ਹੀ ਸੰਭਵ ਹੋ ਸਕਦਾ ਹੈ, ਜਦੋਂ ਅਸੀਂ ਬਰਾਬਰ ਭਾਈਵਾਲਾਂ ਵਜੋਂ ਕੰਮ ਕਰੀਏ।

ਇਸ ਦੌਰਾਨ ਪਰਵਾਸੀ ਭਾਈਚਾਰੇ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਪੰਜਾਬ ਦੀ ਆਲਮੀ ਪਹੁੰਚ ਅਤੇ ਤਿਉਹਾਰਾਂ, ਭਾਸ਼ਾ, ਪਕਵਾਨਾਂ ਤੇ ਰਹੁ-ਰੀਤਾਂ ਦੇ ਜਸ਼ਨਾਂ ਰਾਹੀਂ ਕੋਰੀਆਈ ਲੋਕਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।

ਪਰਵਾਸੀ ਭਾਈਚਾਰੇ ਨੇ ਆਸ ਪ੍ਰਗਟਾਈ ਕਿ ਇਹ ਦੌਰਾ ਪੰਜਾਬ-ਦੱਖਣੀ ਕੋਰੀਆ ਸਬੰਧਾਂ ਵਿੱਚ ਨਵੇਂ ਅਧਿਆਇ ਦਾ ਆਗਾਜ਼ ਕਰੇਗਾ, ਜਿਸ ਨਾਲ ਉਦਯੋਗ, ਤਕਨਾਲੋਜੀ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵਿੱਚ ਸਥਾਈ ਭਾਈਵਾਲੀ ਅਤੇ ਉਸਾਰੂ ਨਤੀਜਿਆਂ ਲਈ ਰਾਹ ਪੱਧਰਾ ਹੋਵੇਗਾ।

ਅਰਾਨ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਸੀ. ਆਕਾਸ਼ ਨੇ ਪੰਜਾਬ ਦੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਨਿਵੇਸ਼ਾਂ ਦੀ ਪੜਚੋਲ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉੱਘੇ ਵਿਦਵਾਨ, ਡਾ. (ਪ੍ਰੋ.) ਲਖਵਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਕਰਕੇ ਰੱਖਿਆ ਅਤੇ ਏਰੋਸਪੇਸ ਖੇਤਰਾਂ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਦੱਖਣੀ ਕੋਰੀਆ ਵਿੱਚ ਨਿਵੇਸ਼ ਰੋਡ ਸ਼ੋਅ ਕਰਨ ਵਾਲੀ ਪਹਿਲਕਦਮੀ ਦਾ ਸਵਾਗਤ ਕੀਤਾ। ਕੋਰੀਆ ਵਿੱਚ ਪੰਜਾਬੀ ਐਸੋਸੀਏਸ਼ਨ ਦੀ ਚੇਅਰਪਰਸਨ, ਮੀਨਾਕਸ਼ੀ ਪਵਾਰ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਪੰਜਾਬ ਸਰਕਾਰ ਦੇ ਕਿਸੇ ਉੱਚ-ਪੱਧਰੀ ਵਫ਼ਦ ਵੱਲੋਂ ਦੱਖਣੀ ਕੋਰੀਆ ਦਾ ਦੌਰਾ ਕੀਤਾ ਗਿਆ ਹੈ ਅਤੇ ਜ਼ੋਰ ਦਿੱਤਾ ਕਿ ਇਹ ਨਵੀਂ ਸ਼ਮੂਲੀਅਤ ਲੰਮੇ ਸਮੇਂ ਦੇ ਸਹਿਯੋਗ ਲਈ ਨਵੀਆਂ ਸੰਭਾਵਨਾਵਾਂ ਖੋਲ੍ਹੇਗੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਬਹੁਤ ਹੀ ਲਾਭਕਾਰੀ ਜਾਪਾਨ ਦੌਰੇ ਤੋਂ ਬਾਅਦ, ਦੱਖਣੀ ਕੋਰੀਆ ਅੰਤਰਰਾਸ਼ਟਰੀ ਨਿਵੇਸ਼ ਆਊਟਰੀਚ ਦੇ ਇਸ ਪੜਾਅ ਦੀ ਸ਼ੁਰੂਆਤ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕੋਰੀਆ ਵਿੱਚ ਭਾਰਤ ਦੇ ਸਫ਼ੀਰ ਗੌਰੰਗਲਾਲ ਦਾਸ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਸੈਸ਼ਨ ਵੀ ਕੀਤਾ। ਮੀਟਿੰਗ ਦੌਰਾਨ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਖੇਤੀਬਾੜੀ-ਤਕਨੀਕੀ, ਨਵਿਆਉਣਯੋਗ ਊਰਜਾ, ਨਿਰਮਾਣ, ਰੱਖਿਆ, ਏਰੋਸਪੇਸ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਵਰਗੇ ਉੱਚ ਸੰਭਾਵਨਾ ਵਾਲੇ ਖੇਤਰਾਂ ਵਿੱਚ ਡੂੰਘੇ ਆਰਥਿਕ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਟੀਚਿਆਂ ਦੀ ਰੂਪਰੇਖਾ ਦਿੱਤੀ। ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਉੱਤਰੀ ਭਾਰਤ ਲਈ ਰਣਨੀਤਕ ਪ੍ਰਵੇਸ਼ ਦੁਆਰ ਵਜੋਂ ਸਥਾਪਿਤ ਕਰਨ ਵਾਲੇ ਪੰਜਾਬ ਦੇ ਵਿਕਸਤ ਹੋ ਰਹੇ ਉਦਯੋਗਿਕ ਵਾਤਾਵਰਨ, ਪ੍ਰਗਤੀਸ਼ੀਲ ਨੀਤੀਆਂ ਅਤੇ ਅਹਿਮ ਲਾਹੇਵੰਦੀਆਂ ’ਤੇ ਵੀ ਚਾਨਣਾ ਪਾਇਆ।

ਸੋਮਵਾਰ ਨੂੰ ਪੰਜਾਬ ਦਾ ਵਫ਼ਦ ਵੱਖ-ਵੱਖ ਉੱਚ-ਪੱਧਰੀ ਮੀਟਿੰਗਾਂ ਵਿੱਚ ਸ਼ਾਮਲ ਹੋਵੇਗਾ, ਜਿਸ ਦੀ ਸ਼ੁਰੂਆਤ ਮੁੱਖ ਕੋਰੀਆਈ ਕੰਪਨੀਆਂ ਡੇਵੂ ਈ ਐਂਡ ਸੀ, ਜੀਐਸ ਈ ਐਂਡ ਸੀ ਅਤੇ ਨੌਂਗਸ਼ਿਮ ਨਾਲ ਮੀਟਿੰਗਾਂ ਨਾਲ ਹੋਵੇਗੀ, ਜਿਸ ਦੌਰਾਨ ਨਿਰਮਾਣ ਇੰਜਨੀਅਰਿੰਗ, ਬੁਨਿਆਦੀ ਢਾਂਚਾ ਵਿਕਾਸ ਅਤੇ ਉੱਨਤ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਮੌਕਿਆਂ ਦੀ ਪੜਚੋਲ ਕੀਤੀ ਜਾਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ, ਪੰਜਾਬ ਸੂਬੇ ਵਿੱਚ ਕਾਰੋਬਾਰ ਕਰਨ ਦੀ ਸੌਖ ਵਿਸ਼ੇ ‘ਤੇ ਗੋਲਮੇਜ਼ ਮੀਟਿੰਗ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਪ੍ਰਮੁੱਖ ਕਾਨੂੰਨੀ ਫਰਮਾਂ, ਵਿੱਤੀ ਨਿਵੇਸ਼ਕ, ਸਲਾਹਕਾਰ ਸਮੂਹ ਅਤੇ ਵਪਾਰਕ ਸੰਗਠਨ ਸ਼ਾਮਲ ਹੋਣਗੇ, ਜਿਸ ਦਾ ਉਦੇਸ਼ ਕੋਰੀਆਈ ਹਿੱਸੇਦਾਰਾਂ ਨੂੰ ਪੰਜਾਬ ਦੇ ਸ਼ਾਸਨ ਸੁਧਾਰਾਂ, ਪਾਰਦਰਸ਼ੀ ਵਿਧੀਆਂ ਅਤੇ ਨਿਵੇਸ਼ਕਾਂ ਲਈ ਸਹੂਲਤ ਢਾਂਚੇ ਦੀ ਸਪੱਸ਼ਟ ਸਮਝ ਪ੍ਰਦਾਨ ਕਰਨਾ ਹੈ।

ਇਸ ਤੋਂ ਬਾਅਦ ਦੱਖਣੀ ਕੋਰੀਆ ਦੇ ਪ੍ਰਮੁੱਖ ਇਨੋਵੇਸ਼ਨ ਅਤੇ ਤਕਨਾਲੋਜੀ ਕਲੱਸਟਰ, ਪੈਂਗਯੋ ਟੈਕਨੋ ਵੈਲੀ ਦਾ ਦੌਰਾ ਕੀਤਾ ਜਾਵੇਗਾ, ਜਿੱਥੇ ਵਫ਼ਦ ਖੋਜ ਅਤੇ ਵਿਕਾਸ, ਸਟਾਰਟ-ਅੱਪ ਈਕੋਸਿਸਟਮ ਅਤੇ ਉੱਚ-ਤਕਨੀਕੀ ਉਦਯੋਗਿਕ ਵਿਕਾਸ ਵਿੱਚ ਬਿਹਤਰ ਅਭਿਆਸਾਂ ਦਾ ਅਧਿਐਨ ਕਰੇਗਾ। ਇਸ ਰੁਝੇਵਿਆਂ ਭਰੇ ਦਿਨ ਦਾ ਅੰਤ ਕੋਰੀਆ ਰੱਖਿਆ ਉਦਯੋਗ ਐਸੋਸੀਏਸ਼ਨ (ਕੇ.ਡੀ.ਆਈ.ਏ.) ਨਾਲ ਕੇਂਦ੍ਰਿਤ ਗੱਲਬਾਤ ਨਾਲ ਹੋਵੇਗਾ, ਜਿਸ ਦੌਰਾਨ ਰੱਖਿਆ ਨਿਰਮਾਣ, ਏਰੋਸਪੇਸ ਤਕਨਾਲੋਜੀਆਂ ਅਤੇ ਭਵਿੱਖ ਵਿੱਚ ਪੰਜਾਬ ਦੇ ਅਨੁਕੂਲ ਢੁਕਵੀਆਂ ਉਦਯੋਗਿਕ ਸਮਰੱਥਾਵਾਂ ਦੇ ਖੇਤਰ ਵਿੱਚ ਸਹਿਯੋਗ ਦੀ ਪੜਚੋਲ ਕੀਤੀ ਜਾਵੇਗੀ।     

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।