ਮੋਹਾਲੀ, 7 ,ਦਸੰਬਰ ,ਬੋਲੇ ਪੰਜਾਬ ਬਿਊਰੋ;
ਪਿਛਲੇ ਦਿਨੀਂ ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਦੀ ਮੰਗਾਂ ਸੰਬੰਧੀ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨਾਲ ਮੀਟਿੰਗ ਹੋਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਮੀਟਿੰਗ ਵਿੱਚ ਮੁੱਖ ਤੌਰ ‘ਤੇ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ‘ਚ ਤਰੱਕੀ ਕੋਟਾ 1% ਤੋਂ ਵਧਾ ਕੇ 3% ਕਰਨ ਬਾਰੇ ਗੱਲਬਾਤ ਹੋਈ ਅਤੇ ਉਨ੍ਹਾਂ ਨੂੰ ਤਰੱਕੀ ਕੋਟਾ ਘੱਟ ਹੋਣ ਕਾਰਨ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੇ ਤਰੱਕੀ ਤੋਂ ਵਾਂਝੇ ਰਹਿ ਜਾਣ ਬਾਰੇ ਸੂਚਿਤ ਕੀਤਾ ਗਿਆ।
ਇਸ ਸੰਬੰਧੀ ਜਥੇਬੰਦੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੇ ਜਲਦ ਹੀ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਤੋਂ ਇਲਾਵਾ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੀਆਂ ਪੋਸਟਾਂ ਦੀ ਵੰਡ ਨੂੰ ਤਰਕਸੰਗਤ ਕਰਨ ਦੀ ਮੰਗ ‘ਤੇ ਡਾਇਰੈਕਟਰ ਸਾਹਿਬ ਨੇ ਇਸ ਸੰਬੰਧੀ ਪ੍ਰਕਿਰਿਆ ਕਾਰਵਾਈ ਅਧੀਨ ਹੋਣ ਦੀ ਗੱਲ ਕਹੀ।
ਮਾਸਟਰ ਕੇਡਰ ‘ਚ ਤਰੱਕੀ ਲਈ ਤਜਰਬੇ ਦੀ ਸ਼ਰਤ 4 ਸਾਲ ਤੋਂ ਘਟਾ ਕੇ 3 ਸਾਲ ਕਰਨ ਦੀ ਮੰਗ ‘ਤੇ ਵੀ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ‘ਤੇ ਲਖਵਿੰਦਰ ਸਿੰਘ ਮੌੜ, ਕੁਲਦੀਪ ਸਿੰਘ ਖਿਆਲੀਵਾਲਾ, ਟਿੰਕੂ ਚਾਵਲਾ ਆਦਿ ਵੀ ਹਾਜ਼ਰ ਸਨ।












