ਨਵੀਂ ਦਿੱਲੀ, 8 ਦਸੰਬਰ ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਮਹੱਤਵਪੂਰਨ ਇਕੱਤਰਤਾ ਹੋਈ, ਜਿਸ ਵਿੱਚ ਵੱਖ-ਵੱਖ ਮਾਮਲਿਆਂ ਉੱਤੇ ਵਿਚਾਰ ਕਰਦਿਆਂ ਸਬੰਧਤ ਸ਼ਖ਼ਸੀਅਤਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਬਾਰੇ ਫ਼ੈਸਲੇ ਸੁਣਾਏ ਗਏ। ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਸ਼ਾਮਲ ਸਨ।
ਇਕੱਤਰਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ, ਨਿਰਵੈਰ ਖ਼ਾਲਸਾ ਜਥਾ ਯੂਕੇ ਦੇ ਸਿੱਖ ਪ੍ਰਚਾਰਕ ਭਾਈ ਹਰਿੰਦਰ ਸਿੰਘ ਸਮੇਤ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰਬ ਇੱਕੋ ਦਿਨ 27 ਦਸੰਬਰ ਨੂੰ ਆਉਣ ਸਬੰਧੀ ਅਤੇ ਗੁਰਮਤਿ ਸੰਗੀਤ ਸ਼ੈਲੀ ਨੂੰ ਸੰਭਾਲ ਸਬੰਧੀ ਅਹਿਮ ਵਿਚਾਰਾਂ ਤੇ ਫੈਸਲੇ ਹੋਏ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦੇ ਗਏ ਸਾਰੀਆਂ ਸ਼ਖ਼ਸੀਅਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਈਆਂ ਅਤੇ ਉਨ੍ਹਾਂ ਆਪਣੀਆਂ ਗਲਤੀਆਂ ਸਵਿਕਾਰ ਕਰਦਿਆਂ ਮੁਆਫ਼ੀ ਮੰਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਥਕ ਰਵਾਇਤ ਤੇ ਮਰਯਾਦਾ ਅਨੁਸਾਰ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹਾਂ ਲਗਾਈਆਂ ਗਈਆਂ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਉੱਤੇ ਦੱਖਣ ਭਾਰਤ ਵਿਚ ਹੋਏ ਇੱਕ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇੱਕ ਚੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕਰਨ ਦਾ ਦੋਸ਼ ਲੱਗਾ ਸੀ। ਉਨ੍ਹਾਂ ਨੇ ਅੱਜ ਪੇਸ਼ ਹੋ ਕੇ ਆਪਣੀ ਗਲਤੀ ਮੰਨੀ ਅਤੇ ਖਿਮਾ ਜਾਚਨਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡਾ. ਕਰਮਜੀਤ ਸਿੰਘ ਨੂੰ ਤਨਖਾਹ ਲਗਾਈ ਗਈ ਜਿਸ ਤਹਿਤ ਉਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ-ਇੱਕ ਘੰਟਾ ਜੂਠੇ ਭਾਂਡੇ ਮਾਂਜਣ ਤੋਂ ਇਲਾਵਾ ਜੋੜਾ ਘਰ ਅੰਦਰ ਸੰਗਤ ਦੇ ਜੋੜੇ ਝਾੜਣਗੇ। ਉਹ ਪੰਜ ਦਿਨ ਨਿਤਨੇਮ ਤੋਂ ਇਲਾਵਾ ਇੱਕ ਪਾਠ ਸ੍ਰੀ ਜਪੁਜੀ ਸਾਹਿਬ, ਆਸਾ ਦੀ ਵਾਰ, ਤ੍ਵ ਪ੍ਰਸਾਦਿ ਸਵੱਯੇ ਦਾ ਵੀ ਕਰਨਗੇ। ਡਾ. ਕਰਮਜੀਤ ਸਿੰਘ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖੀ ਪੁਸਤਕ “ਹਮ ਹਿੰਦੂ ਨਹੀਂ” ਪੜ੍ਹਣਗੇ ਅਤੇ ਇਸ ਪੁਸਤਕ ਦੀਆਂ 500 ਕਾਪੀਆਂ ਸੰਗਤ ਵਿੱਚ ਵੀ ਵੰਡਣਗੇ। ਤਨਖਾਹ ਪੂਰੀ ਹੋਣ ਉੱਤੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ ਗੋਲਕ ’ਚ 1100 ਰੁਪਏ ਜਮ੍ਹਾਂ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਗੇ।
ਜਸਵੰਤ ਸਿੰਘ ਨੇ ਸ਼੍ਰੀਨਗਰ ਦੇ ਟੈਗੋਰ ਹਾਲ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਨਾਚ-ਗਾਣੇ ਦਾ ਪ੍ਰੋਗਰਾਮ ਕਰਵਾਇਆ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖਿਮਾ ਜਾਚਨਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਸਵੰਤ ਸਿੰਘ ਨੂੰ ਸਖ਼ਤ ਹਦਾਇਤ ਕੀਤੀ ਗਈ। ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਕਿ ਜਸਵੰਤ ਸਿੰਘ ਸਾਹਿਤਕ ਖੇਤਰ ਵਿਚ ਕਾਰਜਸ਼ੀਲ ਹਨ ਅਤੇ ਇਨ੍ਹਾਂ ਦੀਆਂ ਕੁਝ ਲਿਖਤਾਂ ਵਿਚ ਗੁਰੂ ਸਾਹਿਬਾਨ ਪ੍ਰਤੀ ਪੂਰਨ ਅਦਬ ਸਤਿਕਾਰ ਦੀ ਕਮੀ ਵੀ ਸਾਹਮਣੇ ਆਈ ਹੈ। ਇਸ ਲਈ ਜਸਵੰਤ ਸਿੰਘ ਆਪਣੀ ਲਿਖਤਾਂ ਵਿਚ ਗੁਰੂ ਸਾਹਿਬਾਨ, ਸਤਿਕਾਰਤ ਸਿੱਖ ਸ਼ਖਸ਼ੀਅਤਾਂ ਬਾਰੇ ਲਿਖਣ/ਬੋਲਣ ਲੱਗਿਆਂ ਅਦਬ ਅਤੇ ਸਤਿਕਾਰ ਦਾ ਪੂਰਨ ਖਿਆਲ ਰੱਖੇ। ਕੀਤੇ ਗਏ ਆਦੇਸ਼ ਅਨੁਸਾਰ ਜਸਵੰਤ ਸਿੰਘ ਦੋ ਦਿਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਲੰਗਰ ਹਾਲ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਣਗੇ। ਇਸ ਦੇ ਨਾਲ ਹੀ ਉਹ ਚਾਰ ਦਿਨ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਜਫਰਨਾਮਾ ਦਾ ਇੱਕ-ਇੱਕ ਪਾਠ ਕਰਨਗੇ। ਜਸਵੰਤ ਸਿੰਘ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੀ ਲਿਖੀ ਪੁਸਤਕ ‘ਇਤਿ ਜਿਨਿ ਕਰੀ – ਜੀਵਨ ਸ੍ਰੀ ਗੁਰੂ ਤੇਗ਼ ਬਹਾਦਰ ਜੀ’ ਪੜ੍ਹਣ ਅਤੇ ਇਸ ਦੀਆਂ 100 ਕਾਪੀਆਂ ਸੰਗਤ ਵਿੱਚ ਵੰਡਣ ਦਾ ਵੀ ਆਦੇਸ਼ ਕੀਤਾ ਗਿਆ ਹੈ। ਇਸ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ ਗੋਲਕ ਵਿੱਚ 1100 ਰੁਪਏ ਜਮ੍ਹਾਂ ਕਰਵਾ ਕੇ ਅਰਦਾਸ ਕਰਵਾਉਣਗੇ।
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੌਧਾ ਸਾਧ ਗੁਰਮੀਤ ਰਾਮ ਰਹੀਮ ਨੂੰ ਖਿਮਾ ਦੇਣ ਸਬੰਧੀ ਕੀਤੀ ਗਲਤੀ ਲਈ ਖਿਮਾ ਜਾਚਨਾ ਕੀਤੀ, ਜਿਸ ਨੂੰ ਪੰਜ ਸਿੰਘ ਸਾਹਿਬਾਨ ਨੇ ਪ੍ਰਵਾਨ ਕੀਤਾ। ਗਿਆਨੀ ਗੁਰਬਚਨ ਸਿੰਘ ਨੂੰ ਤਨਖਾਹ ਲਗਾਈ ਗਈ ਕਿ ਉਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚ ਇੱਕ ਘੰਟਾ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਜੋੜੇ ਝਾੜਣਗੇ। ਉਨ੍ਹਾਂ ਨੂੰ ਨਿਤਨੇਮ ਤੋਂ ਇਲਾਵਾ ਦੋ ਦਿਨ ਸ੍ਰੀ ਜਪੁਜੀ ਸਾਹਿਬ, ਆਸਾ ਦੀ ਵਾਰ, ਜਾਪੁ ਸਾਹਿਬ ਦੇ ਇੱਕ-ਇੱਕ ਪਾਠ ਕਰਨ ਦੀ ਵੀ ਸੇਵਾ ਲੱਗੀ। ਇਸ ਉਪਰੰਤ ਉਹ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 1100 ਰੁਪਏ ਗੋਲਕ ਵਿੱਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।
ਨਿਰਵੈਰ ਖ਼ਾਲਸਾ ਜਥਾ ਯੂਕੇ ਤੋਂ ਭਾਈ ਹਰਿੰਦਰ ਸਿੰਘ ਨੇ ਗੁਰਮਤਿ ਪ੍ਰਤੀ ਕੀਤੀਆਂ ਗਲਤ ਬਿਆਨੀਆਂ ਲਈ ਖਿਮਾ ਜਾਚਨਾ ਕੀਤੀ। ਪੱਖ ਸੁਣਨ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਦੀ ਮੁਆਫ਼ੀ ਪ੍ਰਵਾਨ ਕਰਦਿਆਂ ਪ੍ਰਚਾਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਰੋਕ ਹਟਾ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਦੇਸ਼ ਕੀਤਾ ਕਿ ਭਾਈ ਹਰਿੰਦਰ ਸਿੰਘ ਅਗਾਂਹ ਲਈ ਪ੍ਰਚਾਰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ ਅਤੇ ਪੰਥਕ ਰਵਾਇਤਾਂ ਅਨੁਸਾਰ ਕਰਨਗੇ ਅਤੇ ਕਿਸੇ ਵੀ ਜਥੇਬੰਦੀ ਬਾਰੇ ਨਿੱਜੀ ਟਿੱਪਣੀ ਕਰਨ ’ਤੇ ਪਾਬੰਦੀ ਰਹੇਗੀ। ਉਨ੍ਹਾਂ ਨੂੰ ਸਿੱਖ ਸਾਖੀਆਂ ਅਤੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਵਿੱਚ ਸ਼ਰਧਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਭਾਈ ਹਰਿੰਦਰ ਸਿੰਘ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਣਗੇ। ਸੇਵਾ। ਉਹ ਨਿਤਨੇਮ ਤੋਂ ਇਲਾਵਾ ਦੋ ਦਿਨ ਸ੍ਰੀ ਜਪੁਜੀ ਸਾਹਿਬ, ਸ੍ਰੀ ਅਨੰਦ ਸਾਹਿਬ 40 ਪਉੜੀਆਂ ਅਤੇ ਜਫਰਨਾਮਾ ਦਾ ਪਾਠ ਕਰਨਗੇ। ਤਨਖਾਹ ਪੂਰ ਹੋਣ ਉਪਰੰਤ ਭਾਈ ਹਰਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 1100 ਰੁਪਏ ਗੋਲਕ ਵਿੱਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।
ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਉੱਤੇ ਬੀਤੇ ਸਮੇਂ ਸਤਿਕਾਰਯੋਗ ਸਿੰਘ ਸਾਹਿਬਾਨ ਖ਼ਿਲਾਫ਼ ਬੇਬੁਨਿਆਦ ਗੱਲਾਂ ਕਰਨ ਦਾ ਦੋਸ਼ ਸੀ, ਜਿਸ ਸਬੰਧੀ ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ। ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਾ ਨੰਬਰ ਅ:ਤ/202 ਮਿਤੀ 15 ਅਕਤੂਬਰ 2024 ਅਨੁਸਾਰ ਵਿਰਸਾ ਸਿੰਘ ਵਲਟੋਹਾ ਉੱਤੇ ਸ਼ੋਮਣੀ ਅਕਾਲੀ ਦਲ ਵਿੱਚੋਂ ਦਸ ਸਾਲ ਦੀ ਲਗਾਈ ਗਈ ਰੋਕ ਹਟਾ ਦਿੱਤੀ ਹੈ। ਵਿਰਸਾ ਸਿੰਘ ਵਲਟੋਹਾ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਭਵਿੱਖ ਵਿੱਚ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਵਿਰੁੱਧ ਬਿਆਨਬਾਜ਼ੀ ਨਹੀਂ ਕਰਨਗੇ। ਆਦੇਸ਼ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਾਥ ਮਾਣਿਆ ਹੈ, ਇਸ ਲਈ ਅਗਾਂਹ ਤੋਂ ਧਿਆਨ ਰੱਖਣ ਕਿ ਬੋਲਚਾਲ ਵਿੱਚ ਸੰਜਮ ਅਤੇ ਇਤਫ਼ਾਕ ਹੋਵੇ। ਖ਼ਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਹੈ, ਇਸ ਲਈ ਸ਼ਬਦਾਂ ਦੀ ਮਰਯਾਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਵਿਰਸਾ ਸਿੰਘ ਵਲਟੋਹਾ ਤਿੰਨ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਇੱਕ-ਇੱਕ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ-ਇੱਕ ਘੰਟਾ ਭਾਂਡੇ ਮਾਂਜਣਗੇ ਅਤੇ ਜੋੜੇ ਝਾੜਣਗੇ। ਉਹ ਨਿਤਨੇਮ ਤੋਂ ਇਲਾਵਾ 11 ਦਿਨ ਸ੍ਰੀ ਜਪੁਜੀ ਸਾਹਿਬ, ਕਬਿਯੋਬਾਚ ਬੇਨਤੀ ਚੌਪਈ ਅਤੇ ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਦਾ ਇੱਕ ਪਾਠ ਕਰਨਗੇ। ਉਪਰੰਤ 1100 ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 1100 ਰੁਪਏ ਗੋਲਕ ਵਿੱਚ ਜਮ੍ਹਾਂ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਛੋਟੇ ਸਾਹਿਬਾਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਇੱਕੋ ਦਿਨ 27 ਦਸੰਬਰ ਨੂੰ ਆਉਣ ਅਤੇ ਇਸ ਸਬੰਧੀ ਸੰਗਤ ਦੇ ਪੁੱਜੇ ਸੁਝਾਵਾਂ ਅਤੇ ਮੰਗਾਂ ਉੱਤੇ ਵੀ ਦੀਰਘ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਕੈਲੰਡਰ ਦੇ ਮੁਤਾਬਕ ਇਹ ਪੁਰਬ 27 ਦਸੰਬਰ ਨੂੰ ਹੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਨੂੰ ਲੱਗਦਾ ਹੈ ਕਿ ਸ਼ਹੀਦੀ ਦਿਹਾੜਿਆਂ ਦੇ ਵਿਚਕਾਰ ਉਨ੍ਹਾਂ ਨੂੰ ਪ੍ਰਕਾਸ਼ ਗੁਰਪੁਰਬ ਮਨਾਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਤਾਂ ਆਪਣੀ ਸਹੂਲਤ ਮੁਤਾਬਕ ਛੁੱਟੀ ਦੇਖ ਕੇ ਗੁਰੂ ਸਾਹਿਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਸਿੱਖਾਂ ਲਈ ਸ਼ਹਾਦਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਅਤੇ ਸਾਡਾ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦਾ ਤਰੀਕਾ ਗੁਰਮਤਿ ਸਮਾਗਮ ਹੀ ਹਨ, ਇਸ ਲਈ ਇਸ ਮਾਮਲੇ ਉੱਤੇ ਏਤਕਾ ਇਤਫ਼ਾਕ ਨਾਲ ਸਮਾਗਮ ਉਲੀਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਈ-ਕਈ ਦਿਨ ਕਰਦੀਆਂ ਹਨ, ਇਸ ਲਈ ਸਮੂਹ ਸੰਗਤਾਂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਪ੍ਰੇਮ ਭਾਵਨਾ ਨਾਲ ਮਨਾਉਣ।
ਇਸੇ ਤਰ੍ਹਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਨੂੰ ਸੰਭਾਲਣ ਲਈ ਵੀ ਪੁੱਜੇ ਮਾਮਲੇ ਵਿਚਾਰੇ ਗਏ। ਇਕੱਤਰਤਾ ਵਿੱਚ ਗੁਰਮਤਿ ਸੰਗੀਤ ਵਿੱਚ ਕਾਰਜਸ਼ੀਲ ਰਾਗੀ ਜਥੇ ਭਾਈ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਦਾ ਮਾਮਲਾ ਵਿਚਾਰਿਆ ਗਿਆ ਕਿ ਇਨ੍ਹਾਂ ਵੱਲੋਂ ਅਕਸਰ ਹੀ ਗੁਰਬਾਣੀ ਕੀਰਤਨ ਗਾਇਨ ਕਰਦਿਆਂ ਅਜ਼ਾਨ ਦੀ ਤਰ੍ਹਾਂ ਉੱਚੀ ਗਾਇਨ ਕੀਤਾ ਜਾਂਦਾ ਹੈ ਜੋ ਕਿ ਵਿਲੱਖਣ ਗੁਰਮਤਿ ਸੰਗੀਤ ਸ਼ੈਲੀ ਦਾ ਹਿੱਸਾ ਨਹੀਂ ਅਤੇ ਕੀਰਤਨ ਨੂੰ ਰਲਗੱਡ ਕਰਨ ਵਾਲੀ ਗੱਲ ਹੈ। ਇਸ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਭਾਈ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਅਗਾਂਹ ਤੋਂ ਇਹ ਦੋਵੇਂ ਕੀਰਤਨ ਕਰਨ ਸਮੇਂ ਕੇਵਲ ਨਿਰਧਾਰਿਤ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨੁਸਾਰ ਹੀ ਗਾਇਨ ਕਰਨ। ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਨੇ ਪੰਥ ਵਿੱਚ ਕਾਰਜਸ਼ੀਲ ਸਮੂਹ ਰਾਗੀ ਸਿੰਘਾਂ ਨੂੰ ਵੀ ਆਦੇਸ਼ ਕੀਤਾ ਹੈ ਕਿ ਕੇਵਲ ਨਿਰਧਾਰਿਤ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨੁਸਾਰ ਹੀ ਗੁਰਬਾਣੀ ਗਾਇਨ ਕੀਤੀ ਜਾਵੇ।














