ਨਵੀਂ ਦਿੱਲੀ 10 ਦਸੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਦੇਸ਼ ਅੰਦਰ ਸਿੱਖਾਂ ਨਾਲ ਵਿਤਕਰਾ ਜਾਰੀ ਹੈ ਇਸ ਦਾ ਪ੍ਰਤੱਖ ਪ੍ਰਮਾਣ ਅੱਜ ਕੌਮਾਂਤਰੀ ਮਨੁੱਖੀ ਦਿਹਾੜੇ ਨੂੰ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੂੰ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਹਰਦੀਪ ਸਿੰਘ ਸ਼ੇਰਾ ਦੀ ਮੁਲਾਕਾਤ ਕ੍ਰਿਪਾਨ ਪਾਈ ਹੋਣ ਕਰਕੇ ਨਹੀਂ ਹੋਣ ਦਿੱਤੀ ਤੇ ਕਿਹਾ ਗਿਆ ਕਿ ਕ੍ਰਿਪਾਨ ਲਾਹ ਕੇ ਮੁਲਾਕਾਤ ਕਰੋ । ਦਸਣਯੋਗ ਹੈ ਕਿ ਅੱਜ ਪਟਿਆਲਾ ਹਾਊਸ ਅਦਾਲਤ ਵਿਚ ਜੱਗੀ ਜੋਹਲ, ਬੱਗਾ, ਸ਼ੇਰਾ ਅਤੇ ਹੋਰਾਂ ਦੀ ਤਰੀਕ ਸੀ ਜਿਸ ਦੀ ਪੈਰਵਾਈ ਲਈ ਭਾਈ ਮੰਝਪੁਰ ਲੁਧਿਆਣਾ ਤੋਂ ਦਿੱਲੀ ਆਏ ਹਨ । ਅਦਾਲਤ ਅੰਦਰ ਬੰਦੀ ਸਿੰਘਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਤੇ ਮਾਮਲੇ ਵਿਚ ਇਕ ਗਵਾਹ ਦੀ ਗਵਾਹੀ ਤੋਂ ਬਾਅਦ ਉਨ੍ਹਾਂ ਤਿਹਾੜ ਜੇਲ੍ਹ ਭਾਈ ਸ਼ੇਰੇ ਦੀ ਮੁਲਾਕਾਤ ਕਰਣੀ ਸੀ । ਉਨ੍ਹਾਂ ਦਸਿਆ ਕਿ ਓਹ ਪਿਛਲੇ ਵੀਹ ਸਾਲਾਂ ਤੋਂ ਤਿਹਾੜ ਅਤੇ ਮੰਡੋਲੀ ਜੇਲ੍ਹ ਵਿਚ ਬੰਦੀ ਸਿੰਘਾਂ ਦੀ ਮੁਲਾਕਾਤ ਕਰਦੇ ਆ ਰਹੇ ਹਨ ਪਰ ਇਸ ਤਰ੍ਹਾਂ ਕਦੇ ਨਹੀਂ ਹੋਇਆ ਤੇ ਅੱਜ ਕੌਮਾਂਤਰੀ ਮਨੁੱਖੀ ਦਿਹਾੜੇ ਵਾਲੇ ਦਿਨ ਮੈਨੂੰ ਕ੍ਰਿਪਾਨ ਕਰਕੇ ਮੁਲਾਕਾਤ ਨਹੀਂ ਕਰਣ ਦਿੱਤੀ । ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਲੀ ਸਰਕਾਰਾਂ ਅਤੇ ਓਹ ਸਮੂਹ ਸਿੱਖ ਜੋ ਕਹਿੰਦੇ ਹਨ ਕਿ ਦੇਸ਼ ਅੰਦਰ ਸਿੱਖਾਂ ਨਾਲ ਵਿਤਕਰਾ ਨਹੀਂ ਹੁੰਦਾ, ਲਈ ਵਡੀ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਅੰਦਰ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਵਿਤਕਰਾ ਹੁੰਦਾ ਸੀ, ਹੁੰਦਾ ਹੈ ਤੇ ਹੁੰਦਾ ਰਹੇਗਾ ।














