ਲਗਾਤਾਰ ਸਮਰੱਥਾ-ਵਿਕਾਸ ਨਿਰਪੱਖ ਖੇਡ ਦੀ ਗਾਰੰਟੀ: ਕਲਸਾਨੀ
ਕੌਮਾਂਤਰੀ ਮਾਮਲੇ ਡਾਇਰੈਕਟੋਰੇਟ ਵੱਲੋਂ ਗੱਤਕੇ ਦੇ ਵਿਸ਼ਵਵਿਆਪੀ ਵਿਸਤਾਰ ਦੀਆਂ ਕਈ ਯੋਜਨਾਵਾਂ: ਫੂਲ ਰਾਜ ਸਿੰਘ
ਮੁਹਾਲੀ, 13 ਦਸੰਬਰ ,ਬੋਲੇ ਪੰਜਾਬ ਬਿਊਰੋ;
ਇੱਥੇ ਗੁਰਦੁਆਰਾ ਬਾਬੇ ਕੇ ਸੈਕਟਰ 53 ਵਿੱਚ ਸ਼ੁਰੂ ਹੋਏ ਤੀਸਰੇ ਕੌਮੀ ਗੱਤਕਾ ਰਿਫਰੈਸ਼ਰ ਕੋਰਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਤਕਨੀਕੀ ਅਧਿਕਾਰੀਆਂ ਸ਼ਾਮਲ ਹੋਏ। ਇਸ ਤਿੰਨ ਰੋਜ਼ਾ ਸਸ਼ਕਤੀਕਰਨ ਪ੍ਰੋਗਰਾਮ ਦਾ ਮਕਸਦ ਗੱਤਕਾ ਖੇਡ ਵਿੱਚ ਤਕਨੀਕੀ ਮਾਪਦੰਡਾਂ ਨੂੰ ਮਜ਼ਬੂਤ ਕਰਨਾ, ਨਿਯਮਾਂ ਦੀ ਇਕਸਾਰ ਪਾਲਣਾ ਯਕੀਨੀ ਬਣਾਉਣਾ ਅਤੇ ਮੁਕਾਬਲਿਆਂ ਦੇ ਸੁਚਾਰੂ ਤੇ ਪਾਰਦਰਸ਼ੀ ਸੰਚਾਲਨ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਕੋਰਸ ਵਿੱਚ ਮਾਹਿਰਾਂ ਨੇ ਸਕੋਰਿੰਗ ਪ੍ਰਣਾਲੀ, ਫਾਊਲ ਮੁਲਾਂਕਣ, ਮੁਕਾਬਲਾ ਯੋਜਨਾ, ਟੂਰਨਾਮੈਂਟ ਪ੍ਰਬੰਧਨ ਅਤੇ ਗੱਤਕਾ ਮੈਦਾਨ ਵਿੱਚ ਆਫੀਸ਼ੀਅਲਾਂ ਦੀ ਕਾਰਗੁਜ਼ਾਰੀ ਵਰਗੇ ਮਹੱਤਵਪੂਰਣ ਵਿਸ਼ਿਆਂ ‘ਤੇ ਲੈਕਚਰ ਦਿੱਤੇ। ਗੱਤਕਾ ਅਧਿਕਾਰੀਆਂ ਨੇ ਪ੍ਰੈਕਟੀਕਲ ਸੈਸ਼ਨਾਂ ਵਿੱਚ ਵੀ ਹਿੱਸਾ ਲਿਆ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਸਕੋਰਿੰਗ ਬਾਰੇ ਫ਼ੈਸਲਾ ਲੈਣ ਦੀ ਯੋਗਤਾ ਅਤੇ ਤਕਨੀਕੀ ਕੰਟਰੋਲ ਹੋਰ ਨਿਖਾਰਨ ਦਾ ਮੌਕਾ ਮਿਲਿਆ।
ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਉਦਘਾਟਨੀ ਸੈਸ਼ਨ ਦੌਰਾਨ ਗੱਤਕਾ ਖੇਡ ਵਿੱਚ ਅਨੁਸ਼ਾਸਨ ਕਾਇਮ ਰੱਖਣ ਬਾਰੇ ਇੱਕ ਮਹੱਤਵਪੂਰਣ ਐਲਾਨ ਕੀਤਾ। ਗੱਤਕਾ ਪ੍ਰਮੋਟਰ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਵੀ ਪ੍ਰਧਾਨ ਹਨ, ਨੇ ਦੱਸਿਆ ਕਿ ਫੈਡਰੇਸ਼ਨ ਦੀ ਅੰਤਰਰਾਸ਼ਟਰੀ ਗੱਤਕਾ ਨਿਯਮਾਵਲੀ ਵਿੱਚ ‘ਬਲੈਕ ਕਾਰਡ’ ਨੂੰ ਚੌਥੇ ਫਾਊਲ ਕਾਰਡ ਵਜੋਂ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਤਕਨੀਕੀ ਆਫੀਸ਼ੀਅਲਾਂ ਦੀ ਗਰਿਮਾ ਤੇ ਮਰਯਾਦਾ ਨੂੰ ਬਰਕਰਾਰ ਰੱਖਣਾ, ਮੁਕਾਬਲਿਆਂ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਉਣਾ ਅਤੇ ਬਾਊਟ ਦੌਰਾਨ ਖਿਡਾਰੀਆਂ ਵਿੱਚ ਢੁਕਵਾਂ ਅਨੁਸ਼ਾਸਨ ਕਾਇਮ ਰੱਖਣਾ ਹੈ। ਇਹ ਦੰਡ ਕਾਰਡ ਕਿਸੇ ਵੀ ਖਿਡਾਰੀ ਦੇ ਅਨੁਸ਼ਾਸਨਹੀਨ, ਅਸ਼ੋਭਨੀਕ, ਬੇਲਗਾਮ ਜਾਂ ਅਣਚਾਹੇ ਵਰਤਾਰੇ ਮੌਕੇ ਵਰਤਿਆ ਜਾਵੇਗਾ।
ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਵਾਈਸ-ਚੇਅਰਮੈਨ ਸੁਖਚੈਨ ਸਿੰਘ ਕਲਸਾਨੀ ਨੇ ਕਿਹਾ ਕਿ ਲਗਾਤਾਰ ਸਿਖਲਾਈ ਅਤੇ ਸਮਰੱਥਾ-ਵਿਕਾਸ ਨਿਰਪੱਖ ਖੇਡ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਬੋਲਦਿਆਂ ਗੱਤਕਾ ਐਸੋਸੀਏਸ਼ਨ ਆਫ ਚੰਡੀਗੜ੍ਹ ਦੇ ਚੇਅਰਮੈਨ ਹਰਦੀਪ ਸਿੰਘ ਬੁਟਰੇਲਾ, ਮਿਊਂਸਿਪਲ ਕੌਂਸਲਰ ਨੇ ਦੱਸਿਆ ਕਿ ਅਜਿਹੇ ਰਿਫਰੈਸ਼ਰ ਕੋਰਸ ਆਫੀਸ਼ੀਅਲਾਂ ਦੀ ਯੋਗਤਾ ਅਤੇ ਤਜਰਬੇ ਵਿੱਚ ਵਾਧਾ ਕਰਦੇ ਹਨ ਅਤੇ ਗੱਤਕਾ ਖੇਡ ਦੀ ਅੰਤਰਰਾਸ਼ਟਰੀ ਭਰੋਸੇਯੋਗਤਾ ਨੂੰ ਵੀ ਮਜ਼ਬੂਤ ਕਰਦੇ ਹਨ।
ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਫੂਲ ਰਾਜ ਸਿੰਘ ਨੇ ਵਿਸ਼ਵ ਗੱਤਕਾ ਫੈਡਰੇਸ਼ਨ ਦੀਆਂ ਭਵਿੱਖੀ ਯੋਜਨਾਵਾਂ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਰਾਸ਼ਟਰੀ ਗੱਤਕਾ ਫੈਡਰੇਸ਼ਨਾਂ ਬਣਾਉਣ, ਤਕਨੀਕੀ ਆਫੀਸ਼ੀਅਲਾਂ ਲਈ ਉੱਚ-ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਉਣੇ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲੇ ਆਯੋਜਿਤ ਕਰਨ ਵਾਸਤੇ ਕਦਮ ਤੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਯਤਨ ਗੱਤਕਾ ਖੇਡ ਨੂੰ ਵਿਸ਼ਵ ਖੇਡ ਮੰਚ ‘ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ।
ਇਸ ਰਿਫਰੈਸ਼ਰ ਕੋਰਸ ਦੌਰਾਨ ਸਿਖਲਾਈ ਵਰਕਸ਼ਾਪਾਂ, ਪ੍ਰੈਕਟੀਕਲ ਅਭਿਆਸ, ਮੁਲਾਂਕਣ ਅਤੇ ਮਸਨੂਈ ਮੁਕਾਬਲਿਆਂ ਰਾਹੀਂ ਸਰਟੀਫਾਈਡ ਆਫੀਸ਼ੀਅਲਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਿਆਰੀ ਅਤੇ ਯੋਗਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ, ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਸੈਣੀ, ਨੈਸ਼ਨਲ ਕੋਆਰਡੀਨੇਟਰ ਹਰਸਿਮਰਨ ਸਿੰਘ ਤੇ ਸਟੇਟ ਕੋਆਰਡੀਨੇਟਰ ਸ਼ੈਰੀ ਸਿੰਘ ਵੀ ਮੌਜੂਦ ਸਨ।















