ਚੰਡੀਗੜ੍ਹ, ਦਸੰਬਰ 15 ,ਬੋਲੇ ਪੰਜਾਬ ਬਿਊਰੋ:
ਪੰਜਾਬ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਉਨਾਂ ਨਾਲ ਜੁੜੇ ਕਰਾਈਮ ਨੂੰ ਰੋਕਣ ਲਈ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਸ੍ਰੀ ਬਸੰਤਾ ਰਾਜ ਕੁਮਾਰ ਆਈ.ਐਫ.ਐਸ., ਸ੍ਰੀ ਸਤਿੰਦਰ ਕੁਮਾਰ ਸਾਗਰ ਆਈ.ਐਫ.ਐਸ. (ਮੁੱਖ ਵਣ ਪਾਲ ਜੰਗਲੀ ਜੀਵ) ਅਤੇ ਸ੍ਰੀ ਵਿਸ਼ਾਲ ਚੌਹਾਨ ਆਈ.ਐਫ.ਐਸ. (ਵਣ ਪਾਲ ਪਾਰਕ ਅਤੇ ਪ੍ਰੋਟੈਕਟਿਡ ਸਰਕਲ) ਵੱਲੋਂ ਜਾਰੀ ਹਦਾਇਤਾਂ, ਜੰਗਲੀ ਜੀਵਾਂ ਦੇ ਨਾਲ ਸੰਬੰਧਿਤ ਕਰਾਈਮ ਲਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਵਣ ਮੰਡਲ ਅਫਸਰ ਜੰਗਲੀ ਜੀਵ ਮੰਡਲ ਫਿਲੋਰ ਸ਼੍ਰੀ ਵਿਕਰਮ ਸਿੰਘ ਕੁੰਦਰਾ ਆਈ.ਐਫ.ਐਸ. ਜੀ ਵੱਲੋਂ ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਸਬੰਧੀ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਟੀਮ ਸ਼੍ਰੀ ਜਸਵੰਤ ਸਿੰਘ ਵਣ ਰੇਜ ਅਫਸਰ ਜਲੰਧਰ ਦੀ ਅਗਵਾਈ ਵਿੱਚ ਬਣਾਈ ਗਈ।
ਇਸ ਵਿੱਚ ਜਲੰਧਰ ਰੇਂਜ ਤੋਂ ਨਿਰਮਲਜੀਤ ਸਿੰਘ ਬਲਾਕ ਅਫਸਰ, ਮਲਕੀਤ ਸਿੰਘ ਵਣ ਗਾਰਡ,ਨਵਤੇਜ ਸਿੰਘ ਬਾਠ ਅਤੇ ਕਪੂਰਥਲਾ ਰੇਂਜ ਤੋਂ ਰਣਜੀਤ ਸਿੰਘ ਬਲਾਕ ਅਫਸਰ, ਬੋਬਿੰਦਰ ਸਿੰਘ ਅਤੇ ਰਣਬੀਰ ਸਿੰਘ ਉੱਪਲ ਸ਼ਾਮਿਲ ਸਨ।
ਟੀਮ ਵੱਲੋਂ ਨਕੋਦਰ ਵਿੱਚ ਇਕ ਟਰੈਪ ਲਗਾਇਆ ਗਿਆ, ਜਿਸ ਸਬੰਧੀ ਟੀਮ ਦੇ ਮੈਬਰ ਨੇ ਗਾਹਕ ਬਣ ਕੇ ਤਸਕਰ ਨਾਲ ਡੀਲ ਕੀਤੀ ਅਤੇ ਮੌਕੇ ਤੇ ਬੋਨੀ ਅਰੋੜਾ ਪੁੱਤਰ ਭਾਰਤ ਭੂਸ਼ਣ ਵਾਸੀ ਨਕੋਦਰ ਡੀਲਵਰੀ ਦੇਣ ਪਹੁੰਚਿਆ ਜਿਸ ਨੂੰ ਟੀਮ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਜਿਸ ਕੋਲੋਂ ਜੰਗਲੀ ਜੀਵ ਸਾਂਬਰ ਦੇ ਦੋ ਕੱਟੇ ਹੋਏ ਸਿੰਗ ਦੇ ਪੀਸ, ਹੱਥਾਜੋੜੀ ਦੇ 6 ਪੀਸ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ ਕੀਤੀ।
ਪੁੱਛਗਿੱਛ ਦੌਰਾਨ ਬੋਨੀ ਅਰੋੜਾ ਨੇ ਦੱਸਿਆ ਕਿ ਇਹ ਸਮਾਨ ਉਸਨੂੰ ਸ਼ਿਵਮ ਗੁਪਤਾ ਪੁੱਤਰ ਗੁਲਸ਼ਨ ਰਾਏ ਵਾਸੀ ਨਕੋਦਰ ਜੋ ਕਿ (ਦੁਰਗਾ ਦਾਸ ਪੰਸਾਰੀ) ਨਾਮਕ ਦੁਕਾਨ ਕਰਦਾ ਹੈ ਉਸਨੇ ਭੇਜਿਆ ਹੈ। ਟੀਮ ਵੱਲੋਂ ਤੁਰੰਤ ਸ਼ਿਵਮ ਗੁਪਤਾ ਦੀ ਦੁਕਾਨ ਤੇ ਰੇਡ ਕਰਕੇ ਸ਼ਿਵਮ ਗੁਪਤਾ ਤੋਂ ਪੁੱਛਗਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਜੰਗਲੀ ਜੀਵਾਂ ਦੇ ਅੰਗਾਂ ਦਾ ਕਾਰੋਬਾਰ ਕਰਦਾ ਹੈ ਤੇ ਇਹ ਸਮਾਨ ਉਸਨੇ ਹੀ ਬੋਨੀ ਅਰੋੜਾ ਨੂੰ ਡਿਲਿਵਰੀ ਕਰਨ ਲਈ ਭੇਜਿਆ ਸੀ ਅਤੇ ਇਹ ਸਮਾਨ ਉਹ ਦੀਪਕ ਉਰਫ ਕਾਲਾ ਪੁੱਤਰ ਵਿਜੇ ਕੁਮਾਰ ਗੁਪਤਾ ਵਾਸੀ ਨਕੋਦਰ ਜ਼ਿਲਾ ਜਲੰਧਰ ਕੋਲੋਂ ਖਰੀਦ ਕਰਦਾ ਹੈ ਜੋ ਕਿ ਨਕੋਦਰ ਵਿਖ਼ੇ ਹੀ ਵਲੈਤੀ ਰਾਮ ਪੰਸਾਰੀ ਅਤੇ ਕਰਿਆਨੇ ਦੀ ਦੁਕਾਨ ਕਰਦਾ ਹੈ।
ਟੀਮ ਵੱਲੋਂ ਤੁਰੰਤ ਦੀਪਕ ਉਰਫ ਕਾਲਾ ਦੀ ਦੁਕਾਨ ਤੇ ਰੇਡ ਕੀਤੀ ਤਾਂ ਉਸ ਕੋਲੋਂ ਜੰਗਲੀ ਜੀਵ ਸਾਂਬਰ ਦੇ 2 ਕੱਟੇ ਹੋਏ ਪੀਸ ਅਤੇ ਇੱਕ ਹੱਥਾਜੋੜੀ ਬਰਾਮਦ ਕੀਤੇ, ਦੀਪਕ ਉਰਫ ਕਾਲਾ ਨੇ ਪੁੱਛਗਿਸ਼ ਦੌਰਾਨ ਦੱਸਿਆ ਕਿ ਉਸਨੇ ਹੀ ਸ਼ਿਵਮ ਗੁਪਤਾ ਨੂੰ ਇਹ ਸਮਾਨ ਸਪਲਾਈ ਕੀਤਾ ਹੈ।
ਟੀਮ ਵੱਲੋਂ ਤੁਰੰਤ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਰਾਮਦ ਸਮਾਨ ਸਮੇਤ ਪੁਲਿਸ ਥਾਣਾ ਨਕੋਦਰ ਵਿਖ਼ੇ ਦੋਸ਼ੀ ਪੇਸ਼ ਕਰਕੇ ਦੋਸ਼ੀਆਂ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ 1972 ਸੋਧ 2003 ਦੀਆਂ ਧਰਾਵਾਂ ਤਹਿਤ ਪੁਲਿਸ ਪਰਚਾ ਦਰਜ ਕਰਵਾ ਦਿੱਤਾ ਗਿਆ।
ਇਸ ਮੌਕੇ ਸ੍ਰੀ ਜਸਵੰਤ ਸਿੰਘ ਰੇਂਜ ਅਫਸਰ ਨੇ ਦੱਸਿਆ ਕਿ ਜੰਗਲੀ ਜੀਵਾਂ ਦੇ ਕਾਰੋਬਾਰ ਕਰਨਾ ਸਜ਼ਾਯੋਗ ਅਫ਼ਰਾਧ ਹੈ ਅਤੇ ਅਜਿਹਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਓਹਨਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਕੇਸ ਨਾਲ ਸਬੰਧਤ ਹੋਰ ਦੋਸ਼ੀਆਂ ਬਾਰੇ ਵੀ ਤਫਤੀਸ਼ ਜਾਰੀ ਹੈ।











