ਲੋਕਤੰਤਰ ਨੂੰ ਮਜ਼ਬੂਤ ਰੱਖਣ ਲਈ ਮੀਡੀਆ ਨੂੰ ਆਜ਼ਾਦ ਅਤੇ ਜ਼ਿੰਮੇਵਾਰ ਰਹਿਣਾ ਚਾਹੀਦਾ: ਕਟਾਰੀਆ
ਮੰਡੀ ਗੋਬਿੰਦਗੜ੍ਹ, 15 ਦਸੰਬਰ,ਬੋਲੇ ਪੰਜਾਬ ਬਿਊਰੋ:
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੂੰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਵਿਖੇ ਆਯੋਜਿਤ ਦੋ ਦਿਨ੍ਹਾਂ ਆਲ ਇੰਡੀਆ ਮੀਡੀਆ ਮੀਟ ਦੌਰਾਨ ਸਿੱਖਿਆ ਅਤੇ ਹੈਲਥ ਖੇਤਰ ਵਿੱਚ ਪਾਏ ਯੋਗਦਾਨ ਲਈ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਬੀਯੂ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਆਜ਼ਾਦ, ਭਰੋਸੇਯੋਗ ਅਤੇ ਜ਼ਿੰਮੇਵਾਰ ਮੀਡੀਆ ਇੱਕ ਮਜ਼ਬੂਤ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਨੇ ਡਿਜੀਟਲ ਯੁੱਗ ਵਿੱਚ ਜਾਅਲੀ ਖ਼ਬਰਾਂ ਅਤੇ ਗਲਤ ਜਾਣਕਾਰੀ ਦੇ ਵਧ ਰਹੇ ਖ਼ਤਰੇ ਵਿਰੁੱਧ ਚੇਤਾਵਨੀ ਦਿੱਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੱਚਾਈ ਦੀ ਪੁਸ਼ਟੀ ਅੱਜ ਪੱਤਰਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ।
ਰਾਜਪਾਲ ਨੇ ਕਿਹਾ ਕਿ ਮੀਡੀਆ ਸਮਾਜ ਦੇ ਜ਼ਮੀਰ ਦੇ ਰੱਖਿਅਕ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਰਾਖੇ ਵਜੋਂ ਕੰਮ ਕਰਦਾ ਹੈ ਅਤੇ ਨੈਤਿਕ, ਸੰਤੁਲਿਤ ਅਤੇ ਸਹੀ ਪੱਤਰਕਾਰੀ ਦਾ ਸੱਦਾ ਦਿੱਤਾ। ਉਨ੍ਹਾਂ ਮੀਡੀਆ ਪੇਸ਼ੇਵਰਾਂ ਦੀ ਭਲਾਈ ਅਤੇ ਜਾਇਜ਼ ਮੰਗਾਂ ਲਈ ਸਮਰਥਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਰਾਜਪਾਲ ਨੇ ਵੱਖ-ਵੱਖ ਖੇਤਰਾਂ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਨੂੰ ਸਮਾਜ ਦੀ ਤਰੱਕੀ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ।
ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਚਾਂਸਲਰ ਡਾ. ਜ਼ੋਰਾ ਸਿੰਘ ਕਿਹਾ ਕਿ ਇਹ ਮਾਨਤਾ ਅਤੇ ਸਨਮਾਨ ਦੇਸ਼ ਭਗਤ ਯੂਨੀਵਰਸਿਟੀ ਦੀ ਵਿਦਿਆਰਥੀ-ਕੇਂਦ੍ਰਿਤ ਸਿੱਖਿਆ, ਸੰਪੂਰਨ ਵਿਕਾਸ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਆਯੋਜਿਤ ਇਸ ਮੀਟ ਵਿੱਚ ਦੇਸ਼ ਭਰ ਦੇ ਪੱਤਰਕਾਰ ਅਤੇ ਗੈਰ-ਪੱਤਰਕਾਰ ਯੂਨੀਅਨਾਂ ਨੇ ਪ੍ਰਿੰਟ ਅਤੇ ਡਿਜੀਟਲ ਮੀਡੀਆ ਨੂੰ ਦਰਪੇਸ਼ ਚੁਣੌਤੀਆਂ, ਕਿਰਤ ਅਧਿਕਾਰਾਂ ਅਤੇ ਪੱਤਰਕਾਰੀ ਦੇ ਭਵਿੱਖ ’ਤੇ ਵਿਚਾਰ-ਵਟਾਂਦਰਾ ਕੀਤਾ।












