ਨਵੀਂ ਦਿੱਲੀ/ਜਲੰਧਰ, 18 ਦਸੰਬਰ,ਬੋਲੇ ਪੰਜਾਬ ਬਿਊਰੋ;
ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ‘ਡੰਕੀ’ ਰੂਟ ਮਾਮਲੇ ਵਿੱਚ ED ਨੇ ਵੀਰਵਾਰ ਨੂੰ ਵੱਡਾ ਐਕਸ਼ਨ ਲਿਆ ਹੈ। ਦੱਸ ਦੇਈਏ ਕਿ ਕੇਂਦਰੀ ਏਜੰਸੀ ਅੱਜ ਸਵੇਰ ਤੋਂ ਹੀ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ 13 ਵੱਖ-ਵੱਖ ਵਪਾਰਕ ਅਤੇ ਰਿਹਾਇਸ਼ੀ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਇਹ ਕਾਰਵਾਈ ਪੁਲਿਸ ਫੋਰਸ ਨਾਲ ਮਿਲ ਕੇ ਕੀਤੀ ਜਾ ਰਹੀ ਹੈ, ਜਿਸਦਾ ਮਕਸਦ ਗੈਰ-ਕਾਨੂੰਨੀ ਪ੍ਰਵਾਸ ਦੇ ਸਿੰਡੀਕੇਟ ਵਿੱਚ ਸ਼ਾਮਲ ਵਿਚੋਲਿਆਂ ਅਤੇ ਏਜੰਟਾਂ ਦਾ ਲੱਕ ਤੋੜਨਾ ਹੈ।
ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਦੀਆਂ ਟੀਮਾਂ ਉਨ੍ਹਾਂ ‘ਦੂਜੇ ਅਤੇ ਤੀਜੇ ਪੱਧਰ’ ਦੇ ਲੋਕਾਂ ਦੀ ਭਾਲ ਕਰ ਰਹੀਆਂ ਹਨ, ਜੋ ਇਸ ਪੂਰੇ ਨੈੱਟਵਰਕ ਨੂੰ ਚਲਾਉਣ ਵਿੱਚ ਮਦਦ ਕਰਦੇ ਸਨ। ਜਾਂਚ ਏਜੰਸੀ ਨੂੰ ਪੁਖਤਾ ਇਨਪੁਟਸ ਮਿਲੇ ਸਨ ਕਿ ਫਰਵਰੀ 2025 ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ 330 ਭਾਰਤੀਆਂ ਦੇ ਮਾਮਲੇ ਵਿੱਚ ਟ੍ਰੈਵਲ ਏਜੰਟਾਂ, ਵਿਚੋਲਿਆਂ, ਹਵਾਲਾ ਆਪਰੇਟਰਾਂ ਅਤੇ ਲੌਜਿਸਟਿਕਸ ਮੁਹੱਈਆ ਕਰਵਾਉਣ ਵਾਲੇ ਲੋਕਾਂ ਦਾ ਇੱਕ ਵੱਡਾ ਜਾਲ ਕੰਮ ਕਰ ਰਿਹਾ ਹੈ। ਇਸੇ ਆਧਾਰ ‘ਤੇ ਇਹ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਜਾਂਚ ਵਿੱਚ ਇਹ ਭਿਆਨਕ ਸੱਚ ਸਾਹਮਣੇ ਆਇਆ ਹੈ ਕਿ ਇਹ ਏਜੰਟ ਭੋਲੇ-ਭਾਲੇ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਸਨ। ਪਰ ਬਾਅਦ ਵਿੱਚ ਉਨ੍ਹਾਂ ਨੂੰ ਖਤਰਨਾਕ ਰਸਤਿਆਂ ਰਾਹੀਂ ਦੱਖਣੀ ਅਮਰੀਕੀ ਦੇਸ਼ਾਂ ਅਤੇ ਫਿਰ ਮੈਕਸੀਕੋ ਬਾਰਡਰ ਦੇ ਜ਼ਰੀਏ ਗੈਰ-ਕਾਨੂੰਨੀ ਰੂਪ ਵਿੱਚ ਅਮਰੀਕਾ ਅੰਦਰ ਵਾੜਿਆ ਜਾਂਦਾ ਸੀ। ਇਸ ਸਫ਼ਰ ਦੌਰਾਨ ਲੋਕਾਂ ਨੂੰ ਨਾ ਸਿਰਫ਼ ਤਸੀਹੇ ਦਿੱਤੇ ਜਾਂਦੇ ਸਨ, ਸਗੋਂ ਉਨ੍ਹਾਂ ਤੋਂ ਹੋਰ ਪੈਸੇ ਠੱਗਣ ਲਈ ਗੈਰ-ਕਾਨੂੰਨੀ ਕੰਮ ਵੀ ਕਰਵਾਏ ਜਾਂਦੇ ਸਨ।
ਇਸ ਮਾਮਲੇ ਵਿੱਚ ਏਜੰਸੀ ਪਹਿਲਾਂ ਵੀ ਸਖ਼ਤ ਕਦਮ ਚੁੱਕ ਚੁੱਕੀ ਹੈ। ਹਾਲ ਹੀ ਵਿੱਚ ਈਡੀ ਨੇ ‘ਡੰਕੀ’ ਰੂਟ ਤੋਂ ਕਮਾਈ ਕਰਨ ਵਾਲੇ ਏਜੰਟਾਂ ਦੀ 5.41 ਕਰੋੜ ਰੁਪਏ ਦੀ ਜਾਇਦਾਦ ਕੁਰਕ (Attach) ਕੀਤੀ ਸੀ, ਜਿਸ ਵਿੱਚ ਖੇਤੀ ਦੀ ਜ਼ਮੀਨ, ਘਰ ਅਤੇ ਬੈਂਕ ਖਾਤੇ ਸ਼ਾਮਲ ਸਨ।
ਇਸ ਤੋਂ ਪਹਿਲਾਂ ਜੁਲਾਈ 2025 ਵਿੱਚ ਵੀ 19 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਫਰਜ਼ੀ ਵੀਜ਼ਾ ਟਿਕਟਾਂ, ਜਾਅਲੀ ਮੋਹਰਾਂ ਅਤੇ ਕਈ ਡਿਜੀਟਲ ਡਿਵਾਈਸ ਬਰਾਮਦ ਹੋਏ ਸਨ। ਫਿਲਹਾਲ ਅੱਜ ਦੀ ਛਾਪੇਮਾਰੀ ਵਿੱਚ ਵੀ ਕਈ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ।












