ਪੰਜਾਬੀਆਂ ਨੂੰ ਅਸਲੀ ਭਾਜਪਾ ਪਸੰਦ, “ਦਲ ਬਦਲੂ” ਅਤੇ “ਚੱਲੇ ਕਾਰਤੂਸ” ਨਹੀਂ : ਹਰਦੇਵ ਸਿੰਘ ਉੱਭਾ

ਚੰਡੀਗੜ੍ਹ

ਪੁਰਾਣੇ ਤੇ ਵਫ਼ਾਦਾਰ ਵਰਕਰ ਹੀ ਪੰਜਾਬੀਆਂ ਦੀ ਪਹਿਲੀ ਪਸੰਦ : ਉੱਭਾ

ਚੰਡੀਗੜ੍ਹ 18 ਦਸੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਭਾਜਪਾ ਦੇ ਸੂਬਾਈ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਆਪਣੇ ਨਿੱਜੀ ਮੁਫ਼ਾਦਾਂ ਲਈ ਵੱਡੇ ਘਰਾਣਿਆਂ ਅਤੇ ਹੋਰ ਦਲ ਬਦਲੂ ਨੇਤਾਵਾਂ ਦੀ ਭਾਜਪਾ ਵਿੱਚ ਥੋਕ ਵਜੋਂ ਹੋਈ ਸ਼ਮੂਲੀਅਤ ਨੂੰ ਪੰਜਾਬ ਦੇ ਲੋਕਾਂ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅਸਲੀ ਭਾਜਪਾ ਪਸੰਦ ਹੈ, ਨਾ ਕਿ “ਦਲ ਬਦਲੂ” ਜਾਂ “ਚੱਲੇ ਕਾਰਤੂਸ”।

ਉੱਭਾ ਨੇ ਕਿਹਾ ਕਿ ਰਾਤੋਂ-ਰਾਤ ਭਾਜਪਾ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਸੀਨੀਅਰ ਨੇਤਾ ਬਣਵਾ ਲੈਣਾ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ। ਪਾਰਟੀ ਦੇ ਪੁਰਾਣੇ, ਵਫ਼ਾਦਾਰ ਅਤੇ ਮਿਹਨਤੀ ਵਰਕਰ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਅਮੀਰ ਬਿਜ਼ਨੈਸਮੈਨਾਂ ਅਤੇ ਦਲ ਬਦਲੂਆਂ ਨੇ ਪਾਰਟੀ ਦੇ ਕਲਚਰ ਨੂੰ ਪ੍ਰਭਾਵਿਤ ਕੀਤਾ ਹੈ। ਪਾਰਟੀ ਦੀ ਨੈਤਿਕਤਾ ਅਤੇ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ ਅਤੇ ਸਿਸਟਮ ਨੂੰ ਹਾਈਜੈਕ ਕਰ ਲਿਆ ਗਿਆ ਹੈ। ਸਿਰਫ਼ ਜੀ-ਹਜੂਰੀ ਦੀ ਪ੍ਰਥਾ ਕਾਰਨ ਪਾਰਟੀ ਦੇ ਵਫ਼ਾਦਾਰ, ਮਿਹਨਤੀ ਅਤੇ ਸੰਘਰਸ਼ੀ ਵਰਕਰ ਨਿਰਾਸ਼ ਅਤੇ ਹਤਾਸ਼ ਹੋ ਕੇ ਪਾਰਟੀ ਤੋਂ ਦੂਰ ਹੋ ਰਹੇ ਹਨ, ਜੋ ਭਾਜਪਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸਾਫ਼ ਸਾਬਤ ਕਰਦੇ ਹਨ ਕਿ ਥੋਕ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਦਲ ਬਦਲੂਆਂ ਨਾਲ ਪਾਰਟੀ ਨੂੰ ਕੋਈ ਰਾਜਨੀਤਕ ਲਾਭ ਨਹੀਂ ਹੋਇਆ। ਆਪਣੇ ਆਪ ਨੂੰ ਤੋਪ ਸਮਝਣ ਵਾਲੇ ਇਨ੍ਹਾਂ ਨੇਤਾਵਾਂ ਨੂੰ ਵੋਟਰਾਂ ਨੇ ਉਨ੍ਹਾਂ ਦੀ ਅਸਲੀ ਔਕਾਤ ਦਿਖਾ ਦਿੱਤੀ ਹੈ।

ਉੱਭਾ ਨੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਦੇ ਪੁਰਾਣੇ ਤੇ ਵਫ਼ਾਦਾਰ ਵਰਕਰਾਂ ਪ੍ਰਤੀ “ਇਹਨਾਂ ਦੇ ਪੱਲੇ ਕੁਝ ਨਹੀਂ” ਵਾਲਾ ਨਜ਼ਰੀਆ ਨਾ ਅਪਣਾਇਆ ਜਾਵੇ, ਸਗੋਂ ਉਨ੍ਹਾਂ ਦੀ ਕਦਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਵਾਲੇ ਦਲ ਬਦਲੂ ਨਹੀਂ, ਬਲਕਿ ਪਾਰਟੀ ਦੇ ਸਮਰਪਿਤ ਅਤੇ ਵਫ਼ਾਦਾਰ ਵਰਕਰ ਹੀ ਹਨ।

ਉਨ੍ਹਾਂ ਨੇ ਤੰਜ ਕਰਦਿਆਂ ਕਿਹਾ ਕਿ ਜਿਨ੍ਹਾਂ ਦੀ ਚੰਡੀਗੜ੍ਹ ਵਿੱਚ ਦਾਲ ਨਹੀਂ ਗਲਦੀ, ਉਹ ਹੁਣ ਪੰਜਾਬ ਤੋਂ ਐਮਐਲਏ ਬਣਨ ਲਈ ਕਾਹਲੇ ਫਿਰ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।