ਸਿੱਖਿਆ ਮੰਤਰੀ ਨੇ ਵੀ ਮੀਟਿੰਗ ਕਰਨ ਤੋਂ ਟਾਲਾ ਵੱਟਿਆ, 10 ਦਸੰਬਰ ਦੀ ਮਿਲੀ ਸੀ ਮੀਟਿੰਗ: ਡਾ. ਅਜੇ ਸ਼ਰਮਾ ਜਨਰਲ ਸਕੱਤਰ
ਸੰਗਰੂਰ 19 ਦਸੰਬਰ ,ਬੋਲੇ ਪੰਜਾਬ ਬਿਊਰੋ;
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ 21 ਦਸੰਬਰ ਨੂੰ ਸੰਗਰੂਰ ਵਿਖੇ ਕੀਤਾ ਜਾਵੇਗਾ। ਇਸ ਸੰਬੰਧੀ ਸੂਬਾਈ ਆਗੂਆਂ ਨੇ ਵੱਖ-ਵੱਖ ਜ਼ਿਲ੍ਹਾ ਇਕਾਈਆਂ ਨਾਲ ਮੀਟਿੰਗਾਂ ਦਾ ਦੌਰ ਆਰੰਭ ਕੀਤਾ ਹੈ ਤਾਂ ਕਿ ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਸੰਬੰਧੀ ਪੂਰੇ ਪੰਜਾਬ ਦੇ ਅਵਾਮ ਨੂੰ ਜਾਣੂ ਕਰਵਾਇਆ ਜਾ ਸਕੇ, ਚੇਤੇ ਰਹੇ ਕਿ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ, ਮੈਰੀਟੋਰੀਅਸ ਟੀਚਰਜ਼ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਈ ਹੋਈ ਹੈ।
ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਲਾਰੇ ਲਾ ਕੇ ਸਮਾਂ ਲੰਘਾ ਰਹੇ ਹਨ, ਸਬ-ਕੈਬਨਿਟ ਕਮੇਟੀ ਮੀਟਿੰਗਾਂ ਵਿੱਚ ਨਿਰੰਤਰ ਲਾਰੇ ਤੇ ਲਾਰੇ ਲਾਏ ਜਾ ਰਹੇ ਹਨ ਕਿ ਜਲਦ ਤੁਹਾਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾ ਰਿਹਾ ਹੈ, ਸਾਡੇ ਸਬਰ ਦਾ ਪਿਆਲਾ ਹੁਣ ਮੁੱਕ ਚੱਲਿਆ ਹੈ।
ਮਜ਼ਬੂਰਨ ਸਾਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ, ਇਸ ਕਰਕੇ ਉਹ 21 ਦਸੰਬਰ ਨੂੰ ਸੰਗਰੂਰ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹਣਗੇ, ਇਸ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜਨਰਲ ਸਕੱਤਰ ਡਾ. ਅਜੈ ਕੁਮਾਰ ਨੇ ਦੱਸਿਆ ਕਿ ਮੈਰੀਟੋਰੀਅਸ ਟੀਚਰਜ਼ ਦੀ ਮਿਹਨਤ ਦਾ ਪੰਜਾਬ ਸਰਕਾਰ ਨੇ ਮੁੱਲ ਨਹੀਂ ਪਾਇਆ, ਮੈਰੀਟੋਰੀਅਸ ਟੀਚਰਜ਼ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਪਿਛਲੇ ਦਿਨੀਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ 10 ਦਸੰਬਰ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਲਿਖਤੀ ਪੈੱਨਲ ਮੀਟਿੰਗ ਮਿਲੀ ਸੀ ਪਰ ਸਿੱਖਿਆ ਮੰਤਰੀ ਨੇ ਮੈਰੀਟੋਰੀਅਸ ਟੀਚਰਜ਼ ਦੀਆਂ ਮੰਗਾਂ ਨੂੰ ਅਣਗੌਲਿਆ ਕਰਦਿਆਂ 10 ਦਸੰਬਰ ਦੀ ਮੀਟਿੰਗ ਤੋਂ ਟਾਲਾ ਵੱਟਿਆ। ਇਹ ਆਪਣੇ ਵਿਭਾਗ ਪ੍ਰਤੀ ਜ਼ੁੰਮੇਵਾਰੀ ਤੋਂ ਭੱਜਣ ਵਾਲੀ ਅਣਗਹਿਲੀ ਹੈ। ਮੈਰੀਟੋਰੀਅਸ ਟੀਚਰਜ਼ ਦੀਆਂ ਮੰਗਾਂ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਪਿਛਲੇ 11 ਸਾਲਾਂ ਵਿੱਚ ਤਨਖਾਹ ਵਾਧਾ ਸਿਰਫ਼ 4500 ਰੁਪਏ ਨਾਮਾਤਰ ਹੋਇਆ ਹੈ, ਇਸ ਤੋਂ ਵੱਧ ਸ਼ੋਸ਼ਣ ਹੋਰ ਕੀ ਹੋ ਸਕਦਾ ਹੈ, ਚਿਰਾਂ ਤੋਂ ਲਟਕਦੇ ਬਕਾਏ ਦੱਬੇ ਗਏ ਹਨ।
ਦੂਸਰੇ ਪਾਸੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਤੋਂ ਹੋਈ ਦੇਰੀ ਕਰਕੇ ਮੈਰੀਟੋਰੀਅਸ ਟੀਚਰਜ਼ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਵਿੱਚ ਹੋਰ ਡੰਗ ਟਪਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਐਕਸ਼ਨ ਕੀਤੇ ਜਾਣਗੇ। ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ ਨੇ ਕਿਹਾ ਕਿ ਸਿੱਖਿਆ ਦੇ ਨਾਮ ‘ਤੇ ਸੱਤਾ ਵਿੱਚ ਆਈ ਸਰਕਾਰ ਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਰ ਵਿੱਚ ਭੰਡੀ ਪ੍ਰਚਾਰ ਕੀਤਾ ਜਾਵੇਗਾ। ਪੰਜਾਬ ਸਰਕਾਰ ਜਲਦ ਮੈਰੀਟੋਰੀਅਸ ਟੀਚਰਜ਼ ਦੀਆਂ ਮੰਗਾਂ ਨੂੰ ਪੂਰਾ ਕਰੇ।
ਇਸ ਸਮੇਂ ਸੂਬਾਈ ਆਗੂਆਂ ਮਨੋਜ ਕੁਮਾਰ, ਬੂਟਾ ਸਿੰਘ ਮਾਨ, ਵਿਕਾਸ ਪੁਰੀ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਮੋਹਿਤ ਪੂਨੀਆ, ਸਿਮਰਜੀਤ ਕੌਰ, ਮਨਜਿੰਦਰ ਕੌਰ, ਅਜੈ ਕੁਮਾਰ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ ਆਦਿ ਸੂਬਾ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸੰਗਰੂਰ ਵਿਖੇ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਵਾਸੀਆਂ ਅੱਗੇ ਵਾਅਦਿਆਂ ਤੋਂ ਭੱਜਣ ਦੀ ਪੋਲ ਖੋਲੀ ਜਾਵੇਗੀ।












