ਬੁਢਲਾਡਾ 20 ਦਸੰਬਰ ,ਬੋਲੇ ਪੰਜਾਬ ਬਿਊਰੋ:
ਕਲੀਪੁਰ ਰੋਡ ’ਤੇ ਸੰਘਣੀ ਧੁੰਦ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਦੋਵੇਂ ਨੌਜਵਾਨ ਬੋਹਾ ਦੇ ਰਹਿਣ ਵਾਲੇ ਸਨ। ਉਹ ਸ਼ੁੱਕਰਵਾਰ ਦੇਰ ਰਾਤ ਬੁਢਲਾਡਾ ਤੋਂ ਕੱਪੜਿਆਂ ਦੀ ਸ਼ਾਪਿੰਗ ਕਰਕੇ ਮੋਟਰਸਾਈਕਲ ’ਤੇ ਆਪਣੇ ਪਿੰਡ ਪਰਤ ਰਹੇ ਸਨ ਕਿ ਪਿੰਡ ਕਲੀਪੁਰ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ।
ਇਸ ਹਾਦਸੇ ਵਿੱਚ ਇੱਕ ਨੌਜਵਾਨ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਦਲਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਰਿਆਣਾ ਦੇ ਰਤਿਆ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਦੋਵਾਂ ਪਰਿਵਾਰਾਂ ਵਿੱਚ ਮਾਤਮ ਪਸਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਅਜੇ ਅਣਵਿਆਹੇ ਸਨ। ਬੁਢਲਾਡਾ ਸਦਰ ਪੁਲਿਸ ਨੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।











