ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੋਹਾਲੀ ਦੇ ਸੈਕਟਰ 90-91 ਵਿਖੇ ਹਫ਼ਤਾਵਾਰੀ ਸ਼ਹੀਦੀ ਸਮਾਗਮ 21 ਦਸੰਬਰ ਤੋਂ ਹੋਣਗੇ ਸ਼ੁਰੂ

ਪੰਜਾਬ

ਮੋਹਾਲੀ, 20 ਦਸੰਬਰ ,ਬੋਲੇ ਪੰਜਾਬ ਬਿਊਰੋ;
ਧੰਨ-ਧੰਨ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਗੁਰਦੁਆਰਾ ਨਾਨਕ ਦਰਬਾਰ ਸਾਹਿਬ, ਸੈਕਟਰ 90-91 ਵਿਖੇ ਸਾਲਾਨਾ ‘ਸ਼ਹੀਦੀ ਸਮਾਗਮ’ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਉਲੀਕਿਆ ਗਿਆ ਹੈ। ਇਹ ਸਮਾਗਮ 21 ਦਸੰਬਰ ਤੋਂ ਸ਼ੁਰੂ ਹੋ ਕੇ 28 ਦਸੰਬਰ 2025 ਤੱਕ ਲਗਾਤਾਰ ਜਾਰੀ ਰਹੇਗਾ, ਜਿਸ ਵਿੱਚ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿੱਖਿਆਦਾਇਕ ਪ੍ਰੋਗਰਾਮ ਕਰਵਾਏ ਜਾਣਗੇ। ਇਸ ਸਬੰਧੀ ਸਾਰੀ ਜਾਣਕਾਰੀ ਸਟੇਟ ਅਵਾਰਡੀ ਅਤੇ ਪੰਥ ਦੇ ਦਾਸ -ਫੂਲਰਾਜ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 21 ਦਸੰਬਰ ਐਤਵਾਰ ਨੂੰ ਸਵੇਰੇ 10 ਵਜੇ ਇੱਕ ਵਿਸ਼ਾਲ ‘ਖਾਲਸਾ ਪਰੇਡ’ ਨਾਲ ਕੀਤੀ ਜਾਵੇਗੀ। ਇਹ ਪਰੇਡ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ – 91 ਤੋਂ ਆਰੰਭ ਹੋ ਕੇ ਮਲਟੀਟੈਕ ਸੈਕਟਰ -74, ਸੈਕਟਰ -94 ਅਤੇ ਸੈਕਟਰ- 90 ਦੇ ਵੱਖ-ਵੱਖ ਬਲਾਕਾਂ ਵਿੱਚੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਵੇਗੀ। ਇਸ ਦੌਰਾਨ ਦਸਤਾਰਾਂ ਅਤੇ ਧਾਰਮਿਕ ਲਿਟਰੇਚਰ ਦਾ ਲੰਗਰ ਵੀ ਵਿਸ਼ੇਸ਼ ਤੌਰ ‘ਤੇ ਲਗਾਇਆ ਜਾਵੇਗਾ।
ਸਮਾਗਮ ਦੇ ਦੂਜੇ ਦਿਨ 22 ਦਸੰਬਰ ਨੂੰ ਦੁਪਹਿਰ ਵੇਲੇ ਇਸਤਰੀ ਸਤਸੰਗ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾਵੇਗਾ ਅਤੇ ਸ਼ਾਮ ਦੇ ਸਮੇਂ ਬੱਚਿਆਂ ਦੇ ਸਟੇਜੀ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾ ਸਕੇ। 23 ਦਸੰਬਰ ਨੂੰ ਮਾਨਵਤਾ ਦੀ ਸੇਵਾ ਹਿਤ ਸੋਹਾਨਾ ਹਸਪਤਾਲ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਫ੍ਰੀ ਕੈਂਸਰ ਚੈੱਕਅੱਪ ਅਤੇ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ ਅਤੇ ਰਾਤ ਦੇ ਸਮੇਂ ਪੰਥਕ ਕਵੀਆਂ ਵੱਲੋਂ ਕਵੀ ਦਰਬਾਰ ਰਾਹੀਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। 24 ਦਸੰਬਰ ਨੂੰ ਬੱਚਿਆਂ ਦੇ ਗੁਰਮਤਿ ਲਿਖਤੀ ਮੁਕਾਬਲੇ ਹੋਣਗੇ ਅਤੇ ਭਾਈ ਦਵਿੰਦਰ ਸਿੰਘ ਜੀ ਖਾਲਸਾ ਸੋਹਾਨੇ ਵਾਲਿਆਂ ਦਾ ਕੀਰਤਨ ਦਰਬਾਰ ਸਜੇਗਾ। 25 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ-ਨਾਲ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਗੱਤਕਾ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਨੌਜਵਾਨ ਆਪਣੀ ਜੰਗਜੂ ਕਲਾ ਦਾ ਪ੍ਰਦਰਸ਼ਨ ਕਰਨਗੇ।
ਸਮਾਗਮ ਦੇ ਅੰਤਿਮ ਪੜਾਅ ਵਿੱਚ 26 ਦਸੰਬਰ ਨੂੰ ਪੰਜ ਬਾਣੀਆਂ ਦੇ ਕੰਠ ਮੁਕਾਬਲੇ ਹੋਣਗੇ ਅਤੇ 27 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਹੋਣ ਵਾਲੇ ਵਿਸ਼ੇਸ਼ ਦੀਵਾਨਾਂ ਵਿੱਚ ਬੀਬੀ ਜਸਪ੍ਰੀਤ ਕੌਰ, ਭਾਈ ਹਰਦੇਵ ਸਿੰਘ, ਭਾਈ ਰਮਨਦੀਪ ਸਿੰਘ, ਭਾਈ ਗੁਰਜੀਤ ਸਿੰਘ ਅੰਮ੍ਰਿਤਸਰ ਵਾਲੇ ਅਤੇ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਕਥਾ-ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 28 ਦਸੰਬਰ ਨੂੰ ਸਵੇਰੇ 10 ਵਜੇ ਸਮੂਹ ਸੰਗਤਾਂ ਵੱਲੋਂ ਚੌਪਈ ਸਾਹਿਬ ਦੇ ਜਾਪ ਕੀਤੇ ਜਾਣਗੇ ਅਤੇ ਸਮਾਗਮ ਦੀ ਸੰਪੂਰਨਤਾ ਹੋਵੇਗੀ।
ਇਸ ਪ੍ਰੋਗਰਾਮ ਸਬੰਧੀ ਹੋਈ ਮੀਟਿੰਗ ਵਿੱਚ ਗੁਰਮੀਤ ਸਿੰਘ, ਗੁਰਦੀਪ ਸਿੰਘ ਟਿਵਾਣਾ, ਨਿਹਾਲ ਸਿੰਘ ਵਿਰਕ ,ਗੁਰਬੀਰ ਸਿੰਘ ਬੱਗਾ, ਪਵਨ ਧਿਮਾਨ ਅਤੇ ਬਚਿੱਤਰ ਸਿੰਘ ਹਾਜ਼ਰ ਸਨ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਫੂਲਰਾਜ ਸਿੰਘ ਸਾਬਕਾ ਐਮ.ਸੀ. ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਪੂਰੇ ਹਫ਼ਤੇ ਦੌਰਾਨ ਗੁਰੂ ਕਾ ਲੰਗਰ ਅਤੇ ਚਾਹ ਦਾ ਲੰਗਰ ਅਟੁੱਟ ਵਰਤੇਗਾ। ਉਹਨਾਂ ਨੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਹਨਾਂ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।