ਪਿਛਲੇ 18 ਮਹੀਨਿਆਂ ਤੋਂ ਜ਼ੀਕਰਪੁਰ ਨਗਰ ਕੌਂਸਲ ਦੀ ਨਹੀਂ ਹੋਈ ਮੀਟਿੰਗ
ਸਾਬਕਾ ਵਿਧਾਇਕ ਦੀ ਅਗਵਾਈ ਹੇਠ ਅਕਾਲੀ ਕੌਂਸਲਰਾਂ ਨੇ ਈਓ ਨੂੰ ਸੌਂਪਿਆ ਮੰਗ ਪੱਤਰ
ਜ਼ੀਰਕਪੁਰ 22 ਦਸੰਬਰ ,ਬੋਲੇ ਪੰਜਾਬ ਬਿਊਰੋ;
ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਜ਼ੀਰਕਪੁਰ ਨਗਰ ਕੌਂਸਲ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ‘ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਜੇਕਰ ਸਰਕਾਰ ਨੇ ਇੱਥੇ ਵਧੇ ਹੋਏ ਈ.ਡੀ.ਸੀ. ਅਤੇ ਪ੍ਰਾਪਰਟੀ ਟੈਕਸ ਨੂੰ ਵਾਪਸ ਨਹੀਂ ਲਿਆ ਤਾਂ ਅਕਾਲੀ ਦਲ ਇੱਥੋਂ ਦੇ ਲੋਕਾਂ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਕਰੇਗਾ।
ਐਨਕੇ ਸ਼ਰਮਾ ਨੇ ਸੋਮਵਾਰ ਨੂੰ ਅਕਾਲੀ ਦਲ ਦੇ ਕੌਂਸਲਰਾਂ ਅਤੇ ਵਰਕਰਾਂ ਨਾਲ, ਸ਼ਹਿਰ ਦੀਆਂ ਸਮੱਸਿਆਵਾਂ ‘ਤੇ ਚਰਚਾ ਕਰਨ ਲਈ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਪਰਵਿੰਦਰ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ। ਈਓ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਮਾ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਤੋਂ ਜ਼ੀਰਕਪੁਰ ਨੂੰ ਬਸ ਲੁੱਟਿਆ ਜਾ ਰਿਹਾ ਹੈ।
ਮੌਜੂਦਾ ਸਰਕਾਰ ਨੇ ਸ਼ਹਿਰ ਵਾਸੀਆਂ ‘ਤੇ ਵੱਡਾ ਹਮਲਾ ਕਰਦੇ ਹੋਏ, ਰਿਹਾਇਸ਼ੀ ਖੇਤਰਾਂ ਵਿੱਚ ਈਡੀਸੀ ਵਧਾ ਕੇ 2,200 ਰੁਪਏ ਅਤੇ ਵਪਾਰਕ ਖੇਤਰਾਂ ਵਿੱਚ 10 ਹਜ਼ਾਰ ਰੁਪਏ ਕਰ ਦਿੱਤਾ ਹੈ। ਅਕਾਲੀ ਦਲ ਦੀ ਸਰਕਾਰ ਦੌਰਾਨ, ਇਹ ਰਕਮ 500 ਰੁਪਏ ਸੀ।
ਇਸੇ ਤਰ੍ਹਾਂ ਅੱਜ ਪ੍ਰਾਪਰਟੀ ਟੈਕਸ ਨੌਂ ਰੁਪਏ ਤੋਂ ਵਧਾ ਕੇ ਦਸ ਰੁਪਏ ਪ੍ਰਤੀ ਵਰਗ ਫੁੱਟ ਕਰ ਦਿੱਤਾ ਗਿਆ ਹੈ। ਜ਼ੀਰਕਪੁਰ ਦੇ ਲੱਖਾਂ ਲੋਕ ਇਸ ਕਾਰਨ ਪ੍ਰੇਸ਼ਾਨ ਹਨ। ਅੱਜ ਜ਼ੀਰਕਪੁਰ ਨਗਰ ਕੌਂਸਲ ਦੇ ਫੰਡ ਦੂਜੀਆਂ ਕੌਂਸਲਾਂ ਨੂੰ ਭੇਜੇ ਜਾ ਰਹੇ ਹਨ। ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ‘ਆਪ’ ਸਰਕਾਰ ਜ਼ੀਰਕਪੁਰ ਨੂੰ ਨਗਰ ਨਿਗਮ ਦਾ ਦਰਜਾ ਦੇਣ ਦੀ ਗੱਲ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਿਛਲੇ 18 ਮਹੀਨਿਆਂ ਤੋਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਮੀਟਿੰਗ ਨਹੀਂ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੌਂਸਲਰਾਂ ਦੀ ਤੁਰੰਤ ਮੀਟਿੰਗ ਬੁਲਾਈ ਜਾਵੇ ਅਤੇ ਵਧੇ ਹੋਏ ਟੈਕਸ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਅਕਾਲੀ ਦਲ ਜਨਤਾ ਦੇ ਨਾਲ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਕੌਂਸਲਰ ਅਤੇ ਅਕਾਲੀ ਆਗੂ ਜਸਪਾਲ ਸਿੰਘ, ਕੁਲਵਿੰਦਰ ਸੋਹੀ, ਯਾਦਵਿੰਦਰ ਸ਼ਰਮਾ, ਧਰਮਿੰਦਰ ਸ਼ਰਮਾ, ਤੇਜਿੰਦਰ ਸਿੰਘ ਤੇਜੀ, ਮਨੀਸ਼ਾ ਮਲਿਕ, ਸੁਰਿੰਦਰ ਸ਼ਿੰਦਾ, ਹਰਪਾਲ ਸਿੰਘ, ਬਲਜਿੰਦਰ ਸਿੰਘ, ਮੁਕੇਸ਼ ਕੁਮਾਰ, ਕ੍ਰਿਸ਼ਨ ਸਿੰਘ, ਹਨੂਮੰਤ ਬਹੁਗੁਣਾ, ਹਰਬੰਸ ਸਿੰਘ ਅਤੇ ਮਨਦੀਪ ਸਿੰਘ ਸਮੇਤ ਕਈ ਹੋਰ ਨੁਮਾਇੰਦੇ ਮੌਜੂਦ ਸਨ।












