ਨਵੀਂ ਦਿੱਲੀ, 23 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਬੰਸ ਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 27 ਦਸੰਬਰ ਨੂੰ ਮਨਾਇਆ ਜਾਵੇਗਾ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ 25 ਦਸੰਬਰ ਨੂੰ ਸਜਾਇਆ ਜਾਵੇਗਾ ਜੋ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸਵੇਰੇ 10.00 ਵਜੇ ਆਰੰਭ ਹੋ ਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਲ ਬਲਾਕ ਆਨੰਦ ਵਿਹਾਰ ਹਰੀ ਨਗਰ ਜਾ ਕੇ ਸੰਪੰਨ ਹੋਵੇਗਾ। ਉਹਨਾਂ ਦੱਸਿਆ ਕਿ 27 ਦਸੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੀ ਦੀਵਾਨ ਸਜਾਏ ਜਾਣਗੇ। ਉਹਨਾਂ ਦੱਸਿਆ ਕਿ ਇਸ ਸਬੰਧ ਵਿਚ ਤਿਆਰੀਆਂ ਵਿਆਪਕ ਪੱਧਰ ’ਤੇ ਆਰੰਭ ਹੋ ਗਈਆ ਹਨ ਤੇ ਵੱਡੀ ਗਿਣਤੀ ਵਿਚ ਸੰਗਤ ਇਹਨਾਂ ਸਮਾਗਮਾਂ ਵਿਚ ਹਾਜ਼ਰੀ ਭਰੇਗੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਸੰਗਤਾਂ ਵਿਚ ਕੁਝ ਦੁਬਿਧਾ ਬਣੀ ਹੋਈ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਹੈ ਕਿ ਸੰਗਤਾਂ ਆਪਣੇ ਹਿਸਾਬ ਨਾਲ ਗੁਰਪੁਰਬ ਮਨਾ ਸਕਦੀਆਂ ਹਨ ਜਿਸਨੂੰ ਵੇਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਗੁਰਪੁਰਬ 27 ਦਸੰਬਰ ਨੂੰ ਹੀ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਗੁਰਦੁਆਰਾ ਸਾਹਿਬ ਮਾਤਾ ਸੁੰਦਰੀ ਵਿਖੇ ਹੋਵੇਗਾ ਜਿਸ ਦੌਰਾਨ ਦੀਵਾਨ ਸਜਾਏ ਜਾਣਗੇ ਤੇ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਹੋਵੇਗਾ ਜਿਸ ਵਿਚ ਵੱਖ-ਵੱਖ ਰਾਗੀ ਸਿੰਘਾਂ ਦੇ ਜੱਥੇ ਕੀਰਤਨ ਕਰਨਗੇ ਤੇ ਗੁਰੂ ਕੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।












