ਚੰਡੀਗੜ੍ਹ : 24 ਦਸੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਨੂੰ ਲੈਕੇ ‘ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਈਸੜੂ ਭਵਨ ਵਿਖੇ ਸੂਬਾ ਪੱਧਰੀ ਮੀਟਿੰਗ ਸਾਂਝੇ ਫਰੰਟ ਦੇ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੂਬਾ ਕਨਵੀਨਰਜ਼ ਭਜਨ ਸਿੰਘ ਗਿੱਲ , ਸਤੀਸ਼ ਰਾਣਾ ਤੇ ਗਗਨਦੀਪ ਸਿੰਘ ਭੁੱਲਰ, ਅਤੇ ਸੂਬਾ ਆਗੂ ਸ਼ਿਵ ਕੁਮਾਰ ਤਿਵਾੜੀ, ਕੁਲਵਰਨ ਸਿੰਘ, ਗੁਰਮੇਲ ਸਿੰਘ ਮੈਲਡੇ, ਅਵਤਾਰ ਸਿੰਘ ਗਗੜਾ, ਸੁਖਵਿੰਦਰ ਸਿੰਘ ਲੀਲ, ਰਸ਼ਪਾਲ ਸਿੰਘ,ਕੇਵਲ ਸਿੰਘ ਬਨਵੈਤ, ਮਨਜਿੰਦਰ ਸਿੰਘ ਮਨਸੂਰਾ ਨੇ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਂਦਰ ਅਤੇ ਗਵਾਂਢੀ ਸੂਬਿਆਂ ਦੀਆਂ ਸਰਕਾਰਾਂ ਨਾਲੋਂ 16% ਮਹਿੰਗਾਈ ਭੱਤਾ ਘੱਟ ਦੇ ਰਹੀ ਹੈ। ਇਸੇ ਤਰ੍ਹਾਂ ਪੈਨਸ਼ਨਰਾਂ ਉੱਤੇ 2.59 ਦਾ ਗੁਣਾਕ ਲਾਗੂ ਕਰਨ, ਆਪਣੀ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਦੇਣ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਅਤੇ ਰਹਿੰਦੇ ਬੋਰਡ/ ਕਾਰਪੋਰੇਸ਼ਨਾ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਮਾਣ ਭੱਤਾ ਵਰਕਰਾਂ ‘ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਕੱਚੇ, ਆਊਟਸੋਰਸ, ਇਨਲਿਸਟਮੇਂਟ ਅਤੇ ਵੱਖ-ਵੱਖ ਸੁੁਸਾਇਟੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੱਕੇ ਕਰਨ ਦੀ ਲਿਆਂਦੀ ਘਟੀਆ ਪੋਲਸੀ ਨੂੰ ਸੋਧਣ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਉੱਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ, ਪੇਂਡੂ ‘ਤੇ ਬਾਰਡਰ ਏਰੀਆ ਸਮੇਤ ਕੱਟੇ ਗਏ ਸਾਰੇ ਭੱਤੇ ਅਤੇ ਏ. ਸੀ. ਪੀ. ਬਹਾਲ ਕਰਨ, ਖਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਦਾ ਫ਼ੈਸਲਾ ਰੱਦ ਕਰਨ, ਮਹਿੰਗਾਈ ਭੱਤੇ ਅਤੇ ਛੇਵੇਂ ਤਨਖਾਹ ਕਮਿਸ਼ਨ ਤਹਿਤ ਬਣਦੇ ਬਕਾਏ ਜਾਰੀ ਕਰਨ, ਕੇਂਦਰੀ ਪੈਟਰਨ ਤੇ ਗਰੇਚੁਟੀ ਦੀ ਹੱਦ 20 ਲੱਖ ਤੋਂ ਵਧਾ ਕੇ 25 ਲੱਖ ਕਰਨ ਅਤੇ ਰਹਿੰਦੇ ਬੋਰਡ/ਕਾਰਪੋਰੇਸ਼ਨਾ ਵਿੱਚ ਲਾਗੂ ਕਰਨ , ਜਜ਼ੀਆ ਰੂਪੀ 200 ਰੁਪਏ ਵਿਕਾਸ ਟੈਕਸ ਬੰਦ ਕਰਨ ਸਮੇਤ ਸਾਂਝੇ ਫਰੰਟ ਦੀਆਂ ਹੋਰ ਮੰਗਾਂ ਪੂਰੀਆਂ ਕਰਨ ਤੋਂ ਲੱਗਭੱਗ ਇਨਕਾਰੀ ਹੋ ਚੁੱਕੀ ਹੈ ਜਦੋਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਨੂੰ ਅਨੇਕਾਂ ਕਿਸਮ ਦੀਆਂ ਗਰੰਟੀਆਂ ਦਿੱਤੀਆਂ ਗਈਆਂ ਸਨ। ਆਗੂਆਂ ਆਖਿਆ ਕਿ ਇਹਨਾਂ ਮੰਗਾਂ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੱਖਣ ਅਤੇ ਚਰਚਾ ਕਰਵਾਉਣ ਲਈ ਸਾਂਝਾ ਫਰੰਟ ਨੇ ਫੈਸਲਾ ਕੀਤਾ ਹੈ ਕਿ ਚਾਰ ਜਨਵਰੀ ਨੂੰ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰ ਪਾਲ ਜੀ ਨੂੰ ਉਨਾਂ ਦੀ ਰਿਹਾਇਸ਼ ਤੇ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਉਨਾਂ ਤੋਂ ਇਸ ਗੱਲ ਦੀ ਮੰਗ ਕੀਤੀ ਜਾਵੇਗੀ ਕਿ ਇਹਨਾਂ ਮੰਗਾਂ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੱਖਿਆ ਜਾਵੇ। ਇਸ ਮੌਕੇ ਸਾਂਝਾ ਫਰੰਟ ਵੱਲੋਂ 13 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੀਆਂ ਸਮੁੱਚੀਆਂ ਮਜ਼ਦੂਰ ਅਤੇ ਮੁਲਾਜ਼ਮ ਟ੍ਰੇਡ ਯੂਨੀਅਨਾ, ਨੌਜਵਾਨ, ਵਿਦਿਆਰਥੀ , ਇਸਤਰੀਆਂ ਅਤੇ ਹੋਰ ਸੰਘਰਸ਼ੀਲ ਜਥੇਬੰਦੀਆਂ ਨਾਲ ਕੀਤੀ ਸਾਂਝੀ ਮੀਟਿੰਗ ਵਿੱਚ ਲਏ ਫੈਸਲਿਆਂ ਦਾ ਪੂਰਨ ਸਮਰਥਨ ਕੀਤਾ ਅਤੇ 16 ਜਨਵਰੀ ਨੂੰ ਪੰਜਾਬ ਅੰਦਰ ਬਿਜਲੀ ਨਿਗਮ ਦੇ ਨਿਗਰਾਨ ਇੰਜੀਨੀਅਰ ਦੇ ਦਫਤਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਅਤੇ 28 ਦਸੰਬਰ ਤੋਂ 04 ਜਨਵਰੀ ਤੱਕ ਪਿੰਡਾਂ /ਸ਼ਹਿਰਾਂ ਅੰਦਰ ਚਲਾਈ ਜਾ ਰਹੀ ਜਾਗਰੂਕਤਾ ਮੋਹਿਮ ਵਿੱਚ ਵੀ ਸ਼ਾਮਿਲ ਹੋਣ ਦਾ ਫੈਸਲਾ ਕੀਤਾ।
ਇਸ ਮੌਕੇ ਸਾਂਝੇ ਫਰੰਟ ਦੇ ਸੂਬਾ ਆਗੂ ਤੀਰਥ ਸਿੰਘ ਬਾਸੀ, ਸੁਰਿੰਦਰ ਰਾਮ ਕੁੱਸਾ, ਰਕੇਸ਼ ਸ਼ਰਮਾ, ਕੁਲਦੀਪ ਸਿੰਘ ਉਦੋਕੇ, ਹਰਜੀਤ ਸਿੰਘ, ਸੁਖਮੰਦਰ ਸਿੰਘ ,ਬਿਕਰ ਸਿੰਘ, ਸ਼ਿੰਗਾਰਾ ਸਿੰਘ ਆਦਿ ਵੀ ਹਾਜ਼ਰ ਸਨ।












