ਪੰਜਾਬ ਦੇ ਲੋਕਾਂ ਨੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ! ਵੱਡੀ ਗਿਣਤੀ ਚ ਲੱਗੇ ਲੰਗਰ
ਫਤਿਹਗੜ੍ਹ ਸਾਹਿਬ,27, ਦਸੰਬਰ ,ਬੋਲੇ ਪੰਜਾਬ ਬਿਊਰੋ;
,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਤਿੰਨ ਰੋਜ਼ ਸ਼ਹੀਦੀ ਸਭਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵੇਰਾਗ ਮਈ ਨਗਰ ਕੀਰਤਨ ਸ਼ੁਰੂ ਹੋਇਆ ਜੋ ਗੁਰਦੁਆਰਾ ਜੋਤੀ ਸਾਹਿਬ ਵਿਖੇ ਸਮਾਪਤ ਹੋਇਆ। ਇਸ ਤਿੰਨ ਰੋਜਾ ਸ਼ਹੀਦੀ ਜੋੜ ਮੇਲ ਤੇ ਦੇਸ਼ ਵਿਦੇਸ਼ ਤੋਂ ਲੱਖਾਂ ਲੋਕਾਂ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਖੂਨ ਦੇ ਅੱਥਰੂਆਂ ਨਾਲ ਸਰਧਾਂਜਲੀ ਭੇਟ ਕੀਤੀ। ਪੰਜਾਬ ਦੇ ਲੋਕਾਂ ਨੇ ਆਪਣੇ ਵਿਹੜੇ ਵਿੱਚ ਆਏ ਦੇਸ਼ ਵਿਦੇਸ਼ ਤੋਂ ਲੋਕਾਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਲੰਗਰ ਲਗਾ ਕੇ ਕਿਸੇ ਵੀ ਸ਼ਰਧਾਲੂ ਨੂੰ ਆਪਣੇ ਦਰ ਤੋਂ ਭੁੱਖਾ ਨਹੀਂ ਜਾਣ ਦਿੱਤਾ। ਇਥੋਂ ਤੱਕ ਵੱਡੀ ਗਿਣਤੀ ਵਿੱਚ ਗੰਨੇ ਦੇ ਰਸ, ਦੁੱਧ ,ਚਾਹ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ ਸਨ। ਜਿਲੇ ਦੀ ਹੱਦ ਤੱਕ ਅਤੇ ਜ਼ਿਲ੍ਹੇ ਦੇ ਪਿੰਡਾਂ, ਕਸਬਿਆਂ ਨੇ ਦੂਰੋਂ ਆਉਂਦੇ ਸ਼ਰਧਾਲੂਆਂ ਨੂੰ ਰੋਕ ਰੋਕ ਕੇ ਲੰਗਰ ਛਕਾਉਂਦੇ ਦੇਖੇ ਗਏ ।ਇਹ ਲੰਗਰ ਬਿਨਾਂ ਕਿਸੇ ਭੇਦ ਭਾਵ ਗਰੀਬ ਅਮੀਰ, ਜਾਤ ਪਾਤ ਤੋ ਉੱਪਰ ਉੱਠ ਕੇ ਚਲਦੇ ਰਹੇ। ਲੰਗਰਾਂ ਵਿੱਚ ਕਿਤੇ ਵੀ ਪ੍ਰਵਾਸੀ ਜਾਂ ਪੰਜਾਬੀ ਵਿੱਚ ਨਫਰਤ ਨਹੀਂ ਦੇਖੀ ਗਈ। ਇਥੋਂ ਤੱਕ ਨਿਹੰਗ ਸਿੰਘਾਂ ਵੱਲੋਂ ਵੀ ਅਮਰੀਕਾ ,ਕਨੇਡਾ, ਇੰਗਲੈਂਡ ਦੁਬਈ ਦੇ ਲੰਗਰ ਲਾਏ ਗਏ ਸਨ ,ਨੰਗੇ ਪੈਰਾਂ ਤੋਂ ਲੈ ਕੇ ਬੁਟਾ ਸਮੇਤ ਬੈਠਣ ਦੀਆਂ ਸਹੂਲਤਾਂ ਸਨ। ਰਾਜ ਕਰਦੀ ਪਾਰਟੀ ਸਮੇਤ ਮੁੱਖ ਰਾਜਨੀਤਿਕ ਆਗੂਆਂ ਨੇ

ਲੋਕਾਂ ਦੇ ਲੰਗਰ ਵਿੱਚ ਹਾਜ਼ਰੀ ਨਹੀਂ ਭਰੀ। ਸਿਰਫ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਲੋਕਾਂ ਵਾਂਗ ਮੱਥਾ ਟੇਕਿਆ ਤੇ ਜਾਂਦੇ ਹੋਏ ਲੰਗਰ ਛਕਿਆ। ਜ਼ਿਲਾ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਆਵਾਜਾਈ ਦੇ ਪ੍ਰਬੰਧਾਂ ਵੀ ਬਹੁਤ ਵਧੀਆ ਸਨ। ਇਕਾ ਦੁਕਾ ਲੋਕ ਆਪਣੀਆਂ ਨਿੱਜੀ ਗੱਡੀਆਂ ਲਈ ਪੁਲਿਸ ਮੁਲਾਜ਼ਮਾਂ ਨਾਲ ਖੈਬੜਦੇ ਦੇਖੇ ਗਏ ਪ੍ਰੰਤੂ ਪੁਲਿਸ ਮੁਲਾਜ਼ਮ ਨਿਮਰਤਾ ਨਾਲ ਹੀ ਪੇਸ਼ ਆਉਂਦੇ ਰਹੇ ,ਜਿਲੇ ਦੇ ਡਿਪਟੀ ਕਮਿਸ਼ਨ ਵੱਲੋਂ ਵੀ ਤਿੰਨ ਦਿਨ ਲਗਾਤਾਰ ਨਿਗਰਾਨੀ ਕੀਤੀ ਗਈ ਅਤੇ ਪ੍ਰਬੰਧਾਂ ਲਈ ਹਰੇਕ ਵਿਭਾਗ ਦੇ ਮੁੱਖ ਅਧਿਕਾਰੀ ਨਾਲ ਰਾਬਤਾ ਰੱਖਿਆ , ਸੁਰੱਖਿਆ, ਆਵਾਜਾਈ, ਪਾਣੀ, ਸੁਚਾਲਿਆ, ਡਾਕਟਰੀ ਬੁਨਿਆਦੀ ਸਹੂਲਤਾਂ ਦੀ ਨਿਗਰਾਨੀ ਖੁਦ ਡਿਪਟੀ ਕਮਿਸ਼ਨ ਤੇ ਐਸਐਸਪੀ ਰੱਖ ਰਹੇ ਸਨ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਆਪਣੇ ਵਿਹੜੇ ਵਿੱਚ ਕਵੀ ਦਰਬਾਰ ਅਤੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪੁਸਤਕ ਪ੍ਰਕਾਸ਼ਨ ਪਹੁੰਚੇ ਹੋਏ ਸਨ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਕਾਈ ਸਰਹੰਦ, ਫਤਿਹਗੜ੍ਹ ਸਾਹਿਬ, ਬਸੀ ਪਠਾਣਾ, ਗੋਵਿੰਦਗੜ ,ਮੈਨੇਜਰ ਹਰਨੇਕ ਸਿੰਘ, ਬਲਦੇਵ ਸਿੰਘ ਜਲਾਲ ,ਹਰਜੀਤ ਸਿੰਘ ਤਖਾਣ ਮਾਜਰਾ, ਮਨਦੀਪ ਸਿੰਘ ਸੋਢੀਆਂ ਦੀ ਅਗਵਾਈ ਵਿੱਚ ਤਰਕਸ਼ੀਲ ਸਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ ।ਇਸ ਮੇਲ ਜੋੜ ਵਿੱਚ ਗੁਰੂ ਸਾਹਿਬ ਦੇ ਵੇਲੇ ਤੋਂ ਉਹਨਾਂ ਨੂੰ ਹਥਿਆਰ ਬਣਾ ਕੇ ਦੇਣ ਵਾਲੇ ਰਾਜਸਥਾਨ ਤੋਂ ਕਬੀਲੇ ਵੀ ਵੱਡੀ ਗਿਣਤੀ ਵਿੱਚ ਰਵੈਤੀ ਹਥਿਆਰਾਂ ਨਾਲ ਪਹੁੰਚੇ ਹੋਏ ਸਨ ।ਇਸ ਮੇਲ ਜੋੜ ਵਿੱਚ ਪੰਜਾਬ ਦੇ ਮੁੱਖ ਮੰਤਰੀ ,ਮੈਂਬਰ ਪਾਰਲੀਮੈਂਟਾਂ ,ਪੰਜਾਬ ਤੇ ਹਰਿਆਣਾ ਦੇ ਰਾਜਪਾਲ ਸਮੇਤ ਰਾਜਨੀਤੀ ਪਾਰਟੀਆਂ ਦੇ ਮੁਖੀਆਂ, ਕਿਸਾਨ ਜਥੇਬੰਦੀਆਂ ਵੱਲੋਂ ਹਾਜ਼ਰੀ ਲਗਾਈ ਗਈ। ਇਸ ਮੇਲ ਜੋੜ ਮੌਕੇ ਸੈਂਕੜੇ ਸਫਾਈ ਸੇਵਕਾਂ ,ਸੀਵਰਮੈਨਾ, ਜਲ ਸਪਲਾਈ ਮੁਲਾਜ਼ਮਾਂ, ਬਿਜਲੀ ਮੁਲਾਜ਼ਮਾਂ, ਮਜ਼ਦੂਰਾਂ,ਸਮੇਤ ਵੱਖ-ਵੱਖ ਵਿਭਾਗਾਂ ਦੀ ਅਫਸਰਸ਼ਾਹੀ ਨੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕੀਤੀ ।ਚੌਥੇ ਦਿਨ ਗੁਰੂ ਦੀਆਂ ਲਾਡਲੀਆਂ ਫੌਜਾਂ ਨਹੰਗ ਸਿੰਘਾਂ ਵੱਲੋਂ ਪੁਰਾਤਨ ਰੀਤੀ ਨਾਲ ਵਿਸ਼ਾਲ ਮਹਲਾ ਸਜਾਇਆ ਜਾਵੇਗਾ ਅਤੇ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਖੇਡ ਮੈਦਾਨ ਵਿੱਚ ਘੋੜ ਸਵਾਰ, ਨੇਜੇਬਾਜੀ ਤਲਵਾਰਬਾਜੀ ਅਤੇ ਗੱਤਕਾ ਦੇ ਜੌਹਰ ਦਿਖਾਏ ਜਾਣਗੇ।












