ਸਾਲ 2027 ਦੀਆਂ ਚੋਣਾਂ ਵਿੱਚ ਜਰਨਲ ਵਰਗ ਦੇ ਵੋਟਰਾਂ ਦੀ ਨਰਾਜ਼ਗੀ ਝੇਲਣ ਲਈ ਤਿਆਰ ਰਹੇ ਆਪ ਪਾਰਟੀ – ਗੜਾਂਗ
ਮੋਹਾਲੀ 30 ਦਸੰਬਰ ,ਬੋਲੇ ਪੰਜਾਬ ਬਿਊਰੋ;
ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੋਹਾਲੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਚਾਰ ਸਾਲਾਂ ਦਾ ਸਮਾਂ ਬੀਤ ਜਾਣ ਤੇ ਵੀ ਕਮਿਸ਼ਨ ਫਾਰ ਜਨਰਲ ਕੈਟਾਗਰੀ ਪੰਜਾਬ ਦਾ ਚੇਅਰਮੈਨ ਨਹੀਂ ਲਾਇਆ ਗਿਆ, ਨਾ ਹੀ ਕੋਈ ਮੈਂਬਰ ਅਤੇ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇੱਥੋਂ ਤੱਕ ਕਿ ਕੋਈ ਦਫਤਰੀ ਅਮਲਾ ਵੀ ਨਿਯੁਕਤ ਨਹੀਂ ਕੀਤਾ ਗਿਆ। ਜਿਸ ਕਾਰਨ ਜਨਰਲ ਵਰਗ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਸਾਲ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਆਗੂਆਂ ਨੇ ਦੱਸਿਆ ਸਾਲ 2021 ਵਿੱਚ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਨੇ ਸਾਲ 2017 ਤੋਂ ਗੁਜ਼ਰਾਤ ਵਿੱਚ ਚੱਲ ਰਹੇ ਜਨਰਲ ਵਰਗ ਦੇ ਕਮਿਸ਼ਨ ਦੇ ਪੈਟਰਨ ਤੇ ਪੰਜਾਬ ਵਿੱਚ ਵੀ ਜਨਰਲ ਕੈਟਾਗਰੀ ਤੇ ਕਮਿਸ਼ਨ ਦਾ ਗਠਨ ਕੀਤਾ ਸੀ। ਜਿਸ ਦਾ ਚੇਅਰਮੈਨ, ਵਾਈਸ ਚੇਅਰਮੈਨ ਅਤੇ ਇੱਕ ਮੈਂਬਰ ਵੀ ਨਿਯੁਕਤ ਕੀਤਾ ਸੀ ਪਰ ਚੇਅਰਮੈਨ ਡਾਕਟਰ ਨਵਜੋਤ ਦਹੀਆ ਵੱਲੋਂ ਐਮ.ਐਲ.ਏ. ਦੀ ਚੋਣ ਲੜਨ ਕਾਰਨ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਚਾਰ ਸਾਲਾਂ ਦਾ ਸਮਾਂ ਬੀਤ ਜਾਣ ਤੇ ਵੀ ਇਸ ਕਮਿਸ਼ਨ ਦਾ ਕੋਈ ਚੇਅਰਮੈਨ ਨਹੀਂ ਲਾਇਆ ਗਿਆ ਅਤੇ ਨਾ ਹੀ ਕੋਈ ਦਫਤਰੀ ਅਮਲਾ ਨਿਯੁਕਤ ਕੀਤਾ ਗਿਆ ਹੈ। ਆਗੂ ਨੇ ਇਹ ਵੀ ਦੱਸਿਆ ਕਿ ਜਨਰਲ ਵਰਗ ਦੇ ਲੋਕਾਂ ਕੋਲ ਪੰਜਾਬ ਜਾਂ ਕੇਂਦਰ ਵਿੱਚ ਕੋਈ ਵੀ ਅਜਿਹਾ ਪਲੇਟਫਾਰਮ ਨਹੀਂ ਹੈ, ਜਿੱਥੇ ਜਨਰਲ ਵਰਗ ਦੇ ਲੋਕ ਆਪਣੀਆਂ ਸਮੱਸਿਆਵਾਂ ਦੱਸ ਸਕਣ। ਜਦ ਕਿ ਹੋਰ ਕੈਟਾਗਰੀਆਂ ਲਈ ਇੱਕ ਨਹੀਂ ਬਹੁਤ ਸਾਰੇ ਪਲੇਟ ਫਾਰਮ ਹਨ, ਜਿੱਥੇ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਜਾਂਦੇ ਹਨ। ਸਰਕਾਰਾਂ ਵੱਲੋਂ ਜਨਰਲ ਵਰਗ ਦੇ ਲੋਕਾਂ ਨਾਲ ਇੰਨੀ ਬੇਇਨਸਾਫੀ ਕਿਉਂ ਕੀਤੀ ਜਾ ਰਹੀ ਹੈ ਕੀ ਜਨਰਲ ਵਰਗ ਦੇ ਲੋਕਾਂ ਵਿੱਚ ਗਰੀਬੀ ਨਹੀਂ ਅਤੇ ਕੀ ਜਨਰਲ ਵਰਗ ਦੇ ਲੋਕ ਵੋਟਾਂ ਨਹੀਂ ਪਾਉਂਦੇ ਹਨ। ਹੁਣ ਜਨਰਲ ਵਰਗ ਦੇ ਵੋਟਰ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੇ ਹਨ। ਇਸ ਲਈ ਸਾਲ 2027 ਦੀਆਂ ਚੋਣਾਂ ਵਿੱਚ ਉਸ ਸਿਆਸੀ ਪਾਰਟੀ ਨੂੰ ਵੋਟਾਂ ਪਾਈਆਂ ਜਾਣਗੀਆਂ ਜਿਹੜੀ ਪਾਰਟੀ ਜਨਰਲ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਦੀ ਕੋਸ਼ਿਸ਼ ਕਰੇਗੀ।
ਫੈਡਰੇਸ਼ਨ ਦੇ ਆਗੂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਕਮਿਸ਼ਨ ਫਾਰ ਜਨਰਲ ਕੈਟਾਗਰੀ ਪੰਜਾਬ ਦਾ ਚੇਅਰਮੈਨ ਲਾਇਆ ਜਾਵੇ ਤਾਂ ਕਿ ਜਨਰਲ ਵਰਗ ਦੇ ਲੋਕਾਂ ਨੂੰ ਵੀ ਇਨਸਾਫ ਮਿਲ ਸਕੇ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ-ਆਪਣੀਆਂ ਪਾਰਟੀਆਂ ਚ’ ਜਨਰਲ ਕੈਟਾਗਰੀ ਦੇ ਰਾਜਨੀਤਿਕ ਵਿੰਗ ਸਥਾਪਿਤ ਕਰਨ ਤਾਂ ਕਿ ਜਨਰਲ ਵਰਗ ਦੇ ਲੋਕ ਆਪਣੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾ ਸਕਣ। ਇਸ ਮੌਕੇ ਗੁਰਮਨਜੀਤ ਸਿੰਘ, ਹੈਰੀ ਸੋਹੀ, ਦਵਿੰਦਰ ਸਿੰਘ, ਅਮਰਜੀਤ ਕੌਰ, ਬਲਜੀਤ ਕੌਰ ਅਤੇ ਸੁਰੇਸ਼ ਪਾਲ ਦੀ ਹਾਜ਼ਰ ਸਨ।












