ਮੋਹਾਲੀ 6 ਜਨਵਰੀ ,ਬੋਲੇ ਪੰਜਾਬ ਬਿਊਰੋ;
ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਤੜਕਸਾਰ ਮੋਹਾਲੀ ਦੇ ਆਪਣੇ ਘਰ ਵਿਚ ਦੇਹਾਂਤ ਹੋ ਗਿਆ। ਉਹ 86 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਮ-ਸਸਕਾਰ 8 ਜਨਵਰੀ ਨੂੰ ਦੁਪਹਿਰ 12.30 ਵਜੇ ਬਲੌਂਗੀ, ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਪੰਜਾਬੀ ਕਵਿਤਾ, ਕਹਾਣੀ ਅਤੇ ਵਾਰਤਕ ਵਿਚ ਇੱਕੋ ਜਿੰਨੀ ਸ਼ਿੱਦਤ ਅਤੇ ਸਮਰੱਥਾ ਨਾਲ਼ ਲਿਖਣ ਵਾਲੇ ਸੁਰਜੀਤ ਕੌਰ ਬੈਂਸ 10 ਦੇ ਕਰੀਬ ਪੁਸਤਕਾਂ ਦੇ ਰਚੇਤਾ ਸਨ। ਉਨ੍ਹਾਂ ਦੀਆਂ ਬੇਹੱਦ ਪਸੰਦ ਕੀਤੀਆਂ ਗਈਆਂ ਕਿਤਾਬਾਂ ਵਿਚ ‘ਇਕ ਰਾਤ ਜਾਗਦੀ ਏ’ (1969), ‘ਰੀਝਾਂ’ (2006), ‘ਸੁਨੈਣਾ’ (2008), ‘ਰੇਸ਼ਮੀ ਕੁੜੀ’ (2014), ‘ਸੁਣ ਸੁਰਜੀਤ’ (2018) ਅਤੇ ’ਮੈਂ’ਤੁਸੀਂ ਤੇ ਮੇਰੇ’ (2023) ਸ਼ਾਮਲ ਹਨ। ਉਨ੍ਹਾਂ ਦੀਆਂ ਲਿਖਤਾਂ ਨਾ ਸਿਰਫ਼ ਜੀਵਨ ਦੀਆਂ ਗਹਿਰਾਈਆਂ ਨੂੰ ਉਜਾਗਰ ਕਰਦੀਆਂ ਹਨ ਸਗੋਂ ਔਰਤਾਂ ਦੇ ਅੰਦਰੂਨੀ ਸੰਘਰਸ਼ਾਂ ਅਤੇ ਸਮਾਜਿਕ ਹਕੀਕਤਾਂ ਨੂੰ ਵੀ ਬੇਬਾਕ ਤਰੀਕੇ ਨਾਲ ਪੇਸ਼ ਕਰਦੀਆਂ ਹਨ।
ਸੁਰਜੀਤ ਕੌਰ ਬੈਂਸ ਆਪਣੀ ਲਿਖਤਾਂ ਵਾਂਗ ਹੀ ਬੇਹੱਦ ਦਿਲਚਸਪ ਅਤੇ ਜ਼ਿੰਦਾ-ਦਿਲ ਇਨਸਾਨ ਸਨ। ਉਨ੍ਹਾਂ ਉਮਰ ਭਰ ਜ਼ਿੰਦਗੀ ਦੀਆਂ ਤਮਾਮ ਮੁਸੀਬਤਾਂ ਦਾ ਹੱਸ ਕੇ ਟਾਕਰਾ ਹੀ ਨਹੀਂ ਕੀਤਾ, ਸਗੋਂ ਸ਼ਬਦਾਂ ਦੇ ਆਸਰੇ ਨਵੇਂ ਰਾਹ-ਰਸਤੇ ਤਲਾਸ਼ ਕਰਨ ਵਿਚ ਵੀ ਸਫਲ ਰਹੇ।
ਸੁਰਜੀਤ ਕੌਰ ਬੈਂਸ ਦੇ ਅਚਾਨਕ ਦੇਹਾਂਤ ‘ਤੇ ਪੰਜਾਬੀ ਸਾਹਿਤ ਜਗਤ ਨੇ ਗਹਿਰਾ ਸੋਗ ਪ੍ਰਗਟਾਇਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸਾਬਕਾ ਚੇਅਰਮੈਨ, ਸ਼ੇਖ਼ ਬਾਬਾ ਫ਼ਰੀਦ ਚੇਅਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਸਾਹਿਤ ਸਭਾ (ਰਜਿ) ਮੋਹਾਲੀ ਦੇ ਪ੍ਰਧਾਨ ਡਾ.ਸ਼ਿੰਦਰਪਾਲ ਸਿੰਘ, ਜਨਰਲ ਸਕੱਤਰ ਡਾ.ਸਵੈ ਰਾਜ ਸੰਧੂ, ਪੰਜਾਬੀ ਲੇਖਕ ਸਭਾ (ਰਜਿ) ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਮਲਿਕ ਅਤੇ ਪ੍ਰਸਿੱਧ ਲੇਖਕਾਂ ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਗੁਰਨਾਮ ਕੰਵਰ, ਡਾ.ਸੁਖਦੇਵ ਸਿੰਘ ਸਿਰਸਾ, ਦਵਿੰਦਰ ਦਮਨ, ਜਸਵੰਤ ਦਮਨ, ਡਾ.ਗੁਰਮਿੰਦਰ ਸਿੱਧੂ, ਡਾ.ਬਲਦੇਵ ਸਿੰਘ ਖਹਿਰਾ, ਅਤੈ ਸਿੰਘ, ਸੁਰਿੰਦਰ ਅਤੈ ਸਿੰਘ, ਹਰਭਜਨ ਕੌਰ ਢਿੱਲੋਂ, ਅਮਰਜੀਤ ਕੋਮਲ, ਕਮਲ ਦੁਸਾਂਝ, ਪ੍ਰਿੰ. ਗੁਰਦੇਵ ਪਾਲ ਕੌਰ, ਮਨਮੋਹਨ ਸਿੰਘ ਦਾਓਂ, ਉਮਰਾਓ ਸਿੰਘ, ਹਰਪ੍ਰੀਤ ਕੌਰ ਸੰਧੂ ਅਤੇ ਮਲਕੀਅਤ ਬਸਰਾ ਨੇ ਸੁਰਜੀਤ ਕੌਰ ਬੈਂਸ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ਼ ਦਿਲੀ ਸੰਵੇਦਨਾ ਪ੍ਰਗਟਾਈ ਹੈ।












