ਮੋਹਾਲੀ, 06 ਜਨਵਰੀ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰਮੋਟ ਹੋ ਕੇ ਬਣੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਪ੍ਰੀਤ ਸਿੰਘ ਨੂੰ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸਦੇ ਨਾਲ ਹੀ ਜੇਐੱਲਪੀਐੱਲ ਦੇ ਡਾਇਰੈਕਟਰ ਸ. ਪਰਮਜੀਤ ਸਿੰਘ ਅਤੇ ਸ. ਕੁਲਦੀਪ ਸਿੰਘ ਨੇ ਵੀ ਉਨ੍ਹਾਂ ਨੂੰ ਤਰੱਕੀ ਮਿਲਣ ‘ਤੇ ਵਧਾਈ ਦਿੱਤੀ |
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਡੀਆਈਜੀ ਹਰਪ੍ਰੀਤ ਸਿੰਘ ਚੰਗੇ ਸੁਭਾਅ ਵਾਲੇ ਇਮਾਨਦਾਰ ਅਫ਼ਸਰ ਹਨ | ਇਨ੍ਹਾਂ ਦਾ ਪੁਲਿਸ ‘ਚ ਲੰਮਾ ਤਜਰਬਾ ਪੁਲਿਸ ਪ੍ਰਸ਼ਾਸਨ ਅਤੇ ਲੋਕ ਸੇਵਾ ‘ਚ ਆਪਣਾ ਅਹਿਮ ਹਿੱਸਾ ਬਣੇਗਾ| ਪੰਜਾਬ ਸਰਕਾਰ ਨੇ 12 ਆਈਪੀਐਸ ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ, ਜਿਨ੍ਹਾਂ ‘ਚ ਹਰਪ੍ਰੀਤ ਸਿੰਘ ਵੀ ਸ਼ਾਮਲ ਹਨ |
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਸੇਵਾ (ਪੀਪੀਐਸ) ਦੇ 9 ਸੀਨੀਅਰ ਅਧਿਕਾਰੀਆਂ ਨੂੰ ਭਾਰਤੀ ਪੁਲਿਸ ਸੇਵਾ (ਆਈਪੀਐਸ) ਵਜੋਂ ਤਰੱਕੀ ਦਿੱਤੀ ਸੀ। ਇਨ੍ਹਾਂ ‘ਚ ਪੀਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ| ਹਰਪ੍ਰੀਤ ਸਿੰਘ 1994 ‘ਚ ਪੰਜਾਬ ਪੁਲਿਸ ‘ਚ ਭਰਤੀ ਹੋਏ ਸਨ | ਹਰਪ੍ਰੀਤ ਸਿੰਘ ਦੇ ਪਿਤਾ ਸਵ: ਜਗਜੀਤ ਸਿੰਘ ਆਈ.ਏ.ਐੱਸ ਅਧਿਕਾਰੀ ਰਹਿ ਚੁੱਕੇ ਹਨ |
ਇਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਪੰਜਾਬ ਪੁਲਿਸ ‘ਚ ਵੱਖ-ਵੱਖ ਥਾਵਾਂ ‘ਤੇ ਆਪਣੀ ਸੇਵਾ ਨਿਭਾ ਚੁੱਕੇ ਹਨ | ਹਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ (ਕਪੂਰਥਲਾ), ਅਮਲੋਹ (ਸ੍ਰੀ ਫਤਿਹਗੜ੍ਹ ਸਾਹਿਬ), ਮੋਹਾਲੀ (ਐਸ.ਏ.ਐਸ. ਨਗਰ) ਵਿਖੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਤੇ ਡਿਟੈਕਟਿਵ (ਅੰਮ੍ਰਿਤਸਰ ਦਿਹਾਤੀ) ਵਜੋਂ ਸੇਵਾ ਨਿਭਾ ਚੁੱਕੇ ਹਨ |
ਇਸਦੇ ਨਾਲ ਹੀ ਹੈੱਡਕੁਆਰਟਰ (ਗੁਰਦਾਸਪੁਰ), ਪਠਾਨਕੋਟ, ਮੋਹਾਲੀ ‘ਚ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾ ਨਿਭਾਈ ਅਤੇ ਮੁੱਖ ਮੰਤਰੀ ਸੁਰੱਖਿਆ ‘ਚ ਵੀ ਤਾਇਨਾਤ ਰਹੇ ਹਨ | ਜਦਕਿ ਮਾਨਸਾ, ਬਟਾਲਾ ਅਤੇ ਖੰਨਾ ਵਿਖੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾ ਨਿਭਾਈ | ਇਸਤੋਂ ਇਲਾਵਾ ਵਿਜੀਲੈਂਸ, ਪਟਿਆਲਾ ਵਿਖੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾ ਨਿਭਾ ਚੁੱਕੇ ਹਨ |
ਆਈਪੀਐਸ ਹਰਪ੍ਰੀਤ ਸਿੰਘ ਇਸਤੋਂ ਪਹਿਲਾਂ ਐਂਟੀ ਨਾਰਕੋਟਿਕ ਟਾਸਕ ਫੋਰਸ (ANTF), ਅਪਰਾਧ ਅਤੇ ਵਿਜੀਲੈਂਸ ‘ਚ ਸਹਾਇਕ ਇੰਸਪੈਕਟਰ ਜਨਰਲ (AIG) ਵਜੋਂ ਸੇਵਾ ਨਿਭਾ ਚੁੱਕੇ ਹਨ |












