ਗੁਰੂਆਂ ਦੀ ਚਰਨ ਛੋਹ ਪ੍ਰਾਪਤ ਪਿੰਡ ਨੂੰ ਨਹੀਂ ਮਿਲੀ ਗ੍ਰਾਂਟ
ਲਾਲੜੂ 6 ਜਨਵਰੀ ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਇਤਿਹਾਸਕ ਪਿੰਡ ਹੁਮਾਯੂੰਪੁਰ-ਤਸਿੰਬਲੀ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਵਿਕਾਸ ਕਾਰਜਾਂ ਵਿੱਚ ਵਿਤਕਰਾ ਕਰ ਰਹੀ ਹੈ।
ਐਨਕੇ ਸ਼ਰਮਾ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਹੁਮਾਯੂੰਪੁਰ ਵੱਲੋਂ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਐਨਕੇ ਸ਼ਰਮਾ ਨੇ ਇਤਿਹਾਸਕ ਗੁਰਦੁਆਰਿਆਂ ਨੌਂਵੀਂ ਅਤੇ ਦਸਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਣ ਤੋਂ ਬਾਅਦ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਪਰ ਸਰਕਾਰ ਨੇ ਹੁਮਾਯੂੰਪੁਰ-ਤਸਿੰਬਲੀ ਨੂੰ ਅਣਗੌਲਿਆ ਕੀਤਾ ਹੈ।
ਇੱਥੇ ਸਿੱਖਾਂ ਦੇ ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਹਨ। ਸ਼ਰਮਾ ਨੇ ਕਿਹਾ ਕਿ ਜਿੱਥੇ ਮੌਜੂਦਾ ਸਰਕਾਰ ਵਿਕਾਸ ਦੇ ਮਾਮਲਿਆਂ ਵਿੱਚ ਵਿਤਕਰਾ ਕਰ ਰਹੀ ਹੈ, ਉੱਥੇ ਹੀ ਪੰਜਾਬ ਵਿੱਚ ਆਪਸੀ ਭਾਈਚਾਰਾ ਖਤਮ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਨੇ ਲੋਕਾਂ ਨੂੰ ਇੱਕ-ਦੂਜੇ ਨਾਲ ਲੜਾਉਣ ਤੋਂ ਇਲਾਵਾ ਕੋਈ ਦੂਜਾ ਕੰਮ ਨਹੀਂ ਕੀਤਾ। ਅੱਜ ਹਾਲਾਤ ਅਜਿਹੇ ਹਨ ਕਿ ਲੋਕਾਂ ਨੂੰ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਇਸ ਚੋਣ ਵਿੱਚ ਸੱਚ ਦਾ ਸਾਥ ਦਿੱਤਾ ਹੈ। ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਦਲ ਦੀਆਂ ਨੀਤੀਆਂ ’ਤੇ ਮੋਹਰ ਲਗਾਈ ਹੈ। ਇਸ ਮੌਕੇ ਅਕਾਲੀ ਆਗੂ ਹਰਕੇਸ਼ ਸਿੰਘ ਮੋਹੜੀ, ਮਨਜੀਤ ਸਿੰਘ ਮਲਕਪੁਰ, ਰਣਜੀਤ ਸਿੰਘ ਰਾਣਾ, ਗੁਰਜੀਤ ਸਿੰਘ, ਮੁਖਤਿਆਰ ਸਿੰਘ, ਲੇਖਰਾਜ ਸ਼ਰਮਾ, ਪਰਵਿੰਦਰ ਸਿੰਘ ਜੌਲਾ, ਬ੍ਰਿਜੇਸ਼ ਰਾਣਾ, ਅਜਾਇਬ ਸਿੰਘ ਅੰਟਾਲਾ ਸਮੇਤ ਕਈ ਪਤਵੰਤੇ ਮੌਜੂਦ ਸਨ।












