ਚੰਡੀਗੜ੍ਹ, 7 ਜਨਵਰੀ ,ਬੋਲੇ ਪੰਜਾਬ ਬਿਊਰੋ;
ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ 2022 ਵਿਧਾਨ ਸਭਾ ਚੋਣਾਂ ਲੜ ਚੁੱਕੇ ਸੀਨੀਅਰ ਲੀਡਰ ਹਰਮਿੰਦਰ ਸਿੰਘ ਸੰਧੂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹਰਮਿੰਦਰ ਸਿੰਘ ਸੰਧੂ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ।
ਅਕਾਲੀ ਦਲ ਨੇ ਇਸ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੱਬੇਵਾਲ ਦੇ ਨੌਜਵਾਨ ਅਤੇ ਸੂਝਵਾਨ ਆਗੂ ਹਰਮਿੰਦਰ ਸਿੰਘ ਸੰਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੱਬੇਵਾਲ ਵਿਧਾਨ ਸਭਾ ਤੋਂ ਚੋਣ ਲੜੀ ਸੀ ਅਤੇ ਲਗਭਗ 40 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ।
ਅਕਾਲੀ ਦਲ ਨੇ ਕਿਹਾ ਕਿ ਸੰਧੂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਚੱਬੇਵਾਲ ਵਿੱਚ ਵੱਡਾ ਹੁਲਾਰਾ ਮਿਲੇਗਾ।
ਦੂਜੇ ਪਾਸੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਉਪਰੰਤ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਜਾਵੇਗੀ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਸੰਧੂ ਨੂੰ ਸੁਖਬੀਰ ਬਾਦਲ ਦੇ ਵੱਲੋਂ ਚੱਬੇਵਾਲ ਵਿਧਾਨ ਸਭਾ ਸੀਟ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ, ਜਿਸ ਲਈ ਹਰਮਿੰਦਰ ਸੰਧੂ ਨੇ ਪਾਰਟੀ ਦਾ ਧੰਨਵਾਦ ਕੀਤਾ।












