ਸਿੱਖ ਅਦਾਰਿਆਂ ਤੇ ਗੁਰਦੁਆਰਿਆਂ ਬਾਰੇ ‘ਆਪ’ ਸਰਕਾਰ ਝੂਠ ਫੈਲਾਉਣਾ ਬੰਦ ਕਰੇ
ਨਵੀਂ ਦਿੱਲੀ 7 ਜਨਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ): –
ਜਿਹੜਾ ਵਿਅਕਤੀ ਸਿੱਖ ਧਰਮ ਅਤੇ ਗੁਰਦੁਆਰਿਆਂ ਬਾਰੇ ਝੂਠੇ ਤੇ ਨੀਵੇਂ ਪੱਧਰ ਦੇ ਬਿਆਨ ਮੀਡੀਆ ਵਿੱਚ ਦਿੰਦਾ ਹੈ, ਉਸ ਵਿਅਕਤੀ ਨੂੰ ਅਕਾਲ ਤਖ਼ਤ ਤੇ ਸੱਦਿਆ ਜਾਣਾ ਚਾਹੀਦਾ ਹੈ, ਚਾਹੇ ਉਹ ਸਿੱਖ ਜਾਂ ਗ਼ੈਰ ਸਿੱਖ ਕਿਉਂ ਨਾ ਹੋਵੇ । ਕਈ ਸਿਆਸੀ ਪਾਰਟੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਜਾਣ ਬੁੱਝ ਕੇ ਸਿੱਖ ਗੁਰੂ ਘਰਾਂ ਸਬੰਧੀ ਝੂਠ ਫੈਲਾਉਂਦੇ ਹਨ, ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ । ਉਕਤ ਬਿਆਨ ਦਿੰਦਿਆਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਦੇ ਪ੍ਰਧਾਨ ਸ: ਰਘਬੀਰ ਸਿੰਘ ਅਤੇ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਕੁੱਝ ਸਿਆਸੀ ਪਾਰਟੀਆਂ ਤੇ ਸਰਕਾਰੀ ਏਜੰਸੀਆਂ ਤੇ ਸਿੱਖ ਵਿਰੋਧੀ ਲੋਕ ਜਾਣ ਬੁੱਝ ਕੇ ਇਹੋ ਜਿਹੀ ਬਿਆਨ ਬਾਜ਼ੀ ਕਰਕੇ ਲੋਕਾਂ ਵਿੱਚ ਸਿੱਖ ਧਰਮ ਅਤੇ ਗੁਰਦੁਆਰਿਆਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ । ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਬਿਆਨ ਜਾਣ ਬੁੱਝ ਕੇ ਦਿੱਤੇ ਗਏ ਹਨ, ਉਹ ਬਖਸ਼ਣ ਯੋਗ ਨਹੀਂ ਹਨ । ਸਦਾ ਹੀ ਸ਼ਰਾਬੀ ਰਹਿਣ ਵਾਲੇ ਨੂੰ ਮੁੱਖ ਮੰਤਰੀ ਦੇ ਪਦ ਤੋਂ ਤੁਰੰਤ ਲਾਹੁਣਾ ਚਾਹੀਦਾ ਹੈ । ਆਮ ਆਦਮੀ ਪਾਰਟੀ ਦੇ ਕੋਲ ਬਹੁਤ ਚੰਗੇ ਆਗੂ ਵੀ ਹਨ, ਜਿਹਨਾਂ ਨੂੰ ਇਹ ਸੇਵਾ ਦਿੱਤੀ ਜਾ ਸਕਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਪੰਜਾਬ ਵਿੱਚ ਰਿਸ਼ਵਤ, ਜੁਰਮ ਅਤੇ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਤੇ ਇਹ ਲੋਕ ਸਿੱਖ ਅਦਾਰਿਆਂ ਦੀ ਨਿੰਦਾ ਕਰਦੇ ਰਹਿੰਦੇ ਹਨ । ਇਹੀ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੇ ਖਰਚ ਨਾਲ ਗੱਡੀਆਂ ਲੈ ਕੇ ਬਾਹਰ ਜਾਂਦਾ ਹੈ ਤੇ ਉਹ ਪੰਜਾਬ ਵਿੱਚ ਆਪ ਏਨੀ ਸੁਰੱਖਿਆ ਵਿਚ ਰਹਿੰਦਾ ਹੈ ਇਸ ਤੋਂ ਪਤਾ ਲਗਦਾ ਹੈ ਕਿ ਉਥੇ ਆਮ ਪੰਜਾਬੀ ਕਿੰਨੇ ਕੁ ਸੁਰੱਖਿਅਤ ਹੋਣਗੇ। ਹਰ ਰੋਜ਼ ਫਿਰੌਤੀਆਂ ਨਾ ਮਿਲਣ ਕਰਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ । ਪੰਜਾਬ ਸਰਕਾਰ ਆਪਣੀਆਂ ਡਿਊਟੀਆਂ ਨਿਭਾਅ ਨਹੀਂ ਸਕੀ । ਉਹਨਾਂ ਅੱਗੇ ਕਿਹਾ, ਕਿ ਇਹੋ ਜਿਹੀਆਂ ਪਾਰਟੀਆਂ ਤੋਂ ਲੋਕਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ । ਮੁੱਖ ਮੰਤਰੀ ਦੀ ਜੋ ਵੀਡੀਓ ਦੀ ਚਰਚਾ ਹੋ ਰਹੀ ਹੈ, ਜੇ ਇਹ ਸੱਚੀ ਸਾਬਤ ਹੋ ਜਾਂਦੀ ਹੈ ਅਤੇ ਜੇ ਪਾਰਟੀ ਨੇ ਉਹਨਾਂ ਦੇ ਸਿੱਖ ਵਿਰੋਧੀ ਬਿਆਨ ਵਾਪਸ ਨਾ ਲਏ ਤਾਂ ਪੰਜਾਬ ਦੇ ਲੋਕਾਂ ਨੇ ਇਸ ਮੁੱਖ ਮੰਤਰੀ ਅਤੇ ‘ਆਪ’ ਪਾਰਟੀ ਨੂੰ ਕਦੇ ਮੂੰਹ ਨਹੀਂ ਲਾਉਣਾ ।












