ਮੋਹਾਲੀ, 11 ਜਨਵਰੀ, ਬੋਲੇ ਪੰਜਾਬ ਬਿਊਰੋ :
ਮੇਅਰ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਵਾਰਡ ਨੰਬਰ 4 ਦੀ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਰਜਾਈ ਨੂੰ ਮੋਹਾਲੀ ਪੁਲਿਸ ਨੇ ਚੰਡੀਗੜ੍ਹ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ ਨੇ ਚੰਡੀਗੜ੍ਹ ਦੀ ਸਿਆਸਤ ਨੂੰ ਗਰਮਾ ਦਿੱਤਾ ਅਤੇ ਭਾਜਪਾ ਨੇ ਇਸਨੂੰ ਖੁੱਲ੍ਹੀ ਗੁੰਡਾਗਰਦੀ ਕਰਾਰ ਦਿੱਤਾ।
ਰਿਪੋਰਟਾਂ ਅਨੁਸਾਰ, ਸੁਮਨ ਦੇਵੀ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ।ਜਿਵੇਂ ਹੀ ਉਸਦੀ ਭਰਜਾਈ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲੀ, ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਸਮੇਤ ਕਈ ਭਾਜਪਾ ਕੌਂਸਲਰ ਮਨੀਮਾਜਰਾ ਥਾਣੇ ਦੇ ਬਾਹਰ ਇਕੱਠੇ ਹੋ ਗਏ ਅਤੇ ਪੰਜਾਬ ਵਿੱਚ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਇਹ ਕਾਰਵਾਈ ਸਿਆਸੀ ਦਬਾਅ ਹੇਠ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਅੱਜ ਐਤਵਾਰ ਸਵੇਰੇ, ਮੋਹਾਲੀ ਦੇ ਸੋਹਾਣਾ ਪੁਲਿਸ ਸਟੇਸ਼ਨ ਤੋਂ ਇੱਕ ਪੁਲਿਸ ਟੀਮ ਚੰਡੀਗੜ੍ਹ ਦੇ ਆਈਟੀ ਪਾਰਕ ਪਹੁੰਚੀ। ਪੁਲਿਸ ਨੇ ਪਹਿਲਾਂ ਆਈਟੀ ਪਾਰਕ ਪੁਲਿਸ ਸਟੇਸ਼ਨ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ। ਫਿਰ ਉਨ੍ਹਾਂ ਨੇ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਰਜਾਈ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਮੋਹਾਲੀ ਲੈ ਗਏ।












