ਸਿੱਖਿਆ ਵਿਭਾਗ ਨੇ ਪੇਪਰਾਂ ਦੇ ਦਿਨਾਂ ‘ਚ ਅਧਿਆਪਕ ਸਕੂਲਾਂ ਤੋਂ ਬਾਹਰ ਕੱਢੇ

ਪੰਜਾਬ

ਸੈਮੀਨਾਰਾਂ ਤੇ ਵੋਟਾਂ ‘ਚ ਉਲਝੇ ਅਧਿਆਪਕ-ਡੀ. ਟੀ. ਐਫ਼

ਐੱਸ ਏ ਐੱਸ ਨਗਰ, 17 ਜਨਵਰੀ 2026

ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਨੇ ਪੇਪਰਾਂ ਦੇ ਦਿਨਾਂ ਵਿੱਚ ਅਧਿਆਪਕ ਸਕੂਲਾਂ ਤੋਂ ਬਾਹਰ ਦੇ ਕੰਮਾਂ ਵਿੱਚ ਉਲਝਾ ਰੱਖੇ ਹਨ।ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਸਮ ਦੀ ਖ਼ਰਾਬੀ ਕਾਰਨ ਸਕੂਲਾਂ ਵਿੱਚ ਹੋਈਆਂ ਛੁੱਟੀਆਂ ਤੋਂ ਬਾਅਦ ਜਿਉਂ ਹੀ ਸਕੂਲ ਖੁੱਲ੍ਹੇ ਹਨ ਤਾਂ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਮਿਸ਼ਨ ਸਮਰੱਥ ਪ੍ਰੋਜੈਕਟ ਤਹਿਤ ਸੈਮੀਨਾਰ ਲਗਾਉਣ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਵਿੱਚ ਕੰਪਿਊਟਰ ਅਧਿਆਪਕਾਂ ਦੇ ਸੈਮੀਨਾਰ ਲਗਾਏ ਹੋਏ ਹਨ।

ਓਧਰੋਂ ਸਕੂਲ ਖੁੱਲ੍ਹਦੇ ਹੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ ਪ੍ਰੀ ਬੋਰਡ ਦੇ ਪੇਪਰ ਸ਼ੁਰੂ ਕਰ ਦਿੱਤੇ ਹਨ। ਅਧਿਆਪਕ ਪ੍ਰੇਸ਼ਾਨ ਹਨ ਕਿ ਉਹ ਕੀ ਕਰਨ? ਆਗੂਆਂ ਨੇ ਦੱਸਿਆ ਕਿ ਦੂਜੇ ਪਾਸੇ ਚੋਣ ਕਮਿਸ਼ਨ ਨੇ 15 ਜਨਵਰੀ ਤੋਂ 22 ਜਨਵਰੀ ਤੱਕ ਘਰ-ਘਰ ਜਾ ਕੇ ਵੋਟਰਾਂ ਦੇ ਸਰਵੇਖਣ ਕਰਨ ਦੇ ਹੁਕਮ ਕਰ ਦਿੱਤੇ ਹਨ। ਅੱਜ ਬੀ.ਐਲ.ਓ ਦੀ ਐਸ.ਡੀ.ਐਮ ਦਫਤਰਾਂ ਵਿੱਚ ਮੀਟਿੰਗਾਂ ਬੁਲਾ ਲਈਆਂ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਕੂਲਾਂ ਦਾ ਹੁਣ ਕੋਈ ਵਾਲੀ-ਵਾਰਸ ਨਹੀਂ।

ਆਗੂਆਂ ਨੇ ਮੰਗ ਕੀਤੀ ਕਿ ਪ੍ਰੋਜੈਕਟਾਂ ਦੇ ਨਾਮ ‘ਤੇ ਸਕੂਲਾਂ ਵਿੱਚੋਂ ਬਾਹਰ ਕੀਤੇ ਅਧਿਆਪਕਾਂ ਨੂੰ ਪੇਪਰਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ ਭੇਜਿਆ ਜਾਵੇ। ਇਸ ਸਮੇਂ ਸਾਰੇ ਪ੍ਰੋਜੈਕਟ ਅਤੇ ਗ਼ੈਰ-ਵਿਦਿਅਕ ਕੰਮ ਬੰਦ ਕਰ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਿੱਤਾ ਜਾਵੇ ਕਿਉਂਕਿ ਪਹਿਲਾਂ ਹੀ ਮੌਸਮ ਦੀ ਮਾਰ ਕਾਰਨ ਪੰਦਰਾਂ ਦਿਨ ਸਕੂਲ ਬੰਦ ਹੋਣ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਚੁੱਕਾ ਹੈ। ਆਗੂਆਂ ਨੇ ਕਿਹਾ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਬਦਲਿਆ ਤਾਂ ਜਥੇਬੰਦੀ ਇਸਦਾ ਵਿਰੋਧ ਕਰੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।