ਦਿੱਲੀ ਵਿਧਾਨ ਸਭਾ ’ਚ ਗੁਰੂ ਤੇਗ ਬਹਾਦਰ ਜੀ ਦੇ ਅਪਮਾਨ ਦਾ ਮਾਮਲਾ: ਆਤਿਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਪੰਜਾਬ

ਪੰਥ ਹਿਤੈਸ਼ੀ ਕਹਾਉਣ ਵਾਲੇ ਹੁਣ ਚੁੱਪ ਕਿਉਂ? :- ਹਰਦੇਵ ਉੱਭਾ

ਫੋਰੈਂਸਿਕ ਰਿਪੋਰਟ ਨਾਲ ਸੱਚ ਸਾਹਮਣੇ ਆਇਆ, ਮਾਫ਼ੀ ਨਹੀਂ ਕਾਰਵਾਈ ਹੋਵੇ: ਉੱਭਾ

ਮੋਹਾਲੀ, 21 ਜਨਵਰੀ ,ਬੋਲੇ ਪੰਜਾਬ ਬਿਊਰੋ;

ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਵੱਲੋਂ ਸਿੱਖਾਂ ਦੇ ਨੌਵੇਂ ਗੁਰੂ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਜੁੜੇ ਅਪਮਾਨਜਨਕ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਪੰਜਾਬ ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ ’ਚ ਸਖ਼ਤ ਰੁਖ ਅਪਣਾਉਂਦਿਆਂ ਆਤਿਸ਼ੀ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦੇ ਪ੍ਰੈਸ ਸਕੱਤਰ ਹਰਦੇਵ ਸਿੰਘ ਉਭਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਸਿਆਸੀ ਬਿਆਨਬਾਜ਼ੀ ਨਹੀਂ, ਸਗੋਂ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਗੰਭੀਰ ਮੁੱਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਹਰਦੇਵ ਸਿੰਘ ਉਭਾ ਨੇ ਦੋਸ਼ ਲਗਾਇਆ ਕਿ ਦਿੱਲੀ ਵਿਧਾਨ ਸਭਾ ਵਿੱਚ ਦਿੱਤੇ ਗਏ ਬਿਆਨ ਅਤੇ ਵੀਡੀਓ ਰਾਹੀਂ ਸਿੱਖ ਧਰਮ ਦੇ ਮਹਾਨ ਸ਼ਹੀਦ, ‘ਹਿੰਦ ਦੀ ਚਾਦਰ’ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ ਅਤੇ ਉਨ੍ਹਾਂ ਦੇ ਪ੍ਰਤੀ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਆਤਿਸ਼ੀ ਵੱਲੋਂ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੰਬੰਧਤ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ, ਪਰ ਹੁਣ ਦਿੱਲੀ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਵੀਡੀਓ ਅਸਲੀ ਹੈ ਅਤੇ ਉਸ ਵਿੱਚ ਕਿਸੇ ਕਿਸਮ ਦੀ ਕੋਈ ਐਡਿਟਿੰਗ ਜਾਂ ਤਬਦੀਲੀ ਨਹੀਂ ਕੀਤੀ ਗਈ। ਉਭਾ ਨੇ ਕਿਹਾ ਕਿ ਜਦੋਂ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਹੈ ਤਾਂ ਹੁਣ ਇਸ ਮਾਮਲੇ ਨੂੰ ਦਬਾਉਣ ਜਾਂ ਗੁੰਮਰਾਹ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।
ਪੰਜਾਬ ਭਾਜਪਾ ਦੇ ਪ੍ਰੈਸ ਸਕੱਤਰ ਨੇ ਕਿਹਾ ਕਿ ਆਤਿਸ਼ੀ ਵੱਲੋਂ ਕੀਤਾ ਗਿਆ ਇਹ ਕੰਮ ਮਾਫ਼ੀ ਦੇ ਯੋਗ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਕੋਈ ਵਿਅਕਤੀ ਅਣਜਾਣੇ ਵਿੱਚ ਗਲਤੀ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਖੁੱਲ੍ਹ ਕੇ ਸਾਹਮਣੇ ਆ ਕੇ ਪਸ਼ਚਾਤਾਪ ਕਰਦਾ ਹੈ ਅਤੇ ਸੰਗਤ ਤੋਂ ਖਿਮਾ ਮੰਗਦਾ ਹੈ, ਪਰ ਇਸ ਮਾਮਲੇ ਵਿੱਚ ਆਤਿਸ਼ੀ ਨਾ ਤਾਂ ਜਨਤਾ ਦੇ ਸਾਹਮਣੇ ਆ ਰਹੀ ਹੈ ਅਤੇ ਨਾ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਮਰਤਾ ਨਾਲ ਮਾਫ਼ੀ ਯਾਚਨਾ ਕਰ ਰਹੀ ਹੈ। ਇਸ ਦੀ ਬਜਾਏ ਉਹ ਚੁੱਪੀ ਸਾਧ ਕੇ ਲੁਕਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਆਪਣੇ ਆਪ ਵਿੱਚ ਦੋਸ਼ ਨੂੰ ਹੋਰ ਗੰਭੀਰ ਬਣਾਉਂਦਾ ਹੈ।
ਉਭਾ ਨੇ ਇਹ ਵੀ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਦੋਹਾਂ ਥਾਵਾਂ ’ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪਾਰਟੀ ਸਿੱਖਾਂ ਦੇ ਹਮਦਰਦ ਹੋਣ ਦੇ ਦਾਅਵੇ ਕਰਦੀ ਹੈ, ਦੂਜੇ ਪਾਸੇ ਉਸਦੇ ਨੇਤਾ ਗੁਰੂ ਸਾਹਿਬਾਨ ਦੀ ਇਤਿਹਾਸਕ ਮਹਾਨਤਾ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਦੇਂਦੇ ਹਨ, ਜੋ ਬਿਲਕੁਲ ਕਬੂਲਯੋਗ ਨਹੀਂ।
ਪੰਜਾਬ ਭਾਜਪਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਨੁਮਾਇੰਦਾ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਫੋਰੈਂਸਿਕ ਰਿਪੋਰਟ ਨਾਲ ਸੱਚਾਈ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ, ਤਾਂ ਇਸ ਮਾਮਲੇ ਦਾ ਗੰਭੀਰਤਾ ਨਾਲ ਸੰਗਿਆਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਸਨਮਾਨ ਦੀ ਰੱਖਿਆ ਲਈ ਇਕਜੁੱਟ ਹੋ ਕੇ ਸ਼ਖਤ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਜਾਂ ਪਾਰਟੀ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਅਖੀਰ ’ਚ ਹਰਦੇਵ ਸਿੰਘ ਉਭਾ ਨੇ ਕਿਹਾ ਕਿ ਭਾਜਪਾ ਇਸ ਮਾਮਲੇ ’ਚ ਪਿੱਛੇ ਨਹੀਂ ਹਟੇਗੀ ਅਤੇ ਜਦ ਤੱਕ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਲੜਾਈ ਸਿਆਸਤ ਦੀ ਨਹੀਂ, ਸਗੋਂ ਸਿੱਖ ਧਰਮ ਦੇ ਸਨਮਾਨ ਅਤੇ ਗੁਰੂ ਸਾਹਿਬਾਨ ਦੀ ਅਪਾਰ ਕੁਰਬਾਨੀ ਦੀ ਰੱਖਿਆ ਦੀ ਹੈ।ਉੱਭਾ ਨੇ ਆਪਣੇ ਆਪ ਨੂੰ ਪੰਥ ਹਿਤੈਸ਼ੀ ਕਹਾਉਣ ਵਾਲੇ ਗਰਮ ਖਿਆਲੀਆ ਤੇ ਪੰਥ ਦੇ ਠੇਕੇਦਾਰ ਦੀ ਚੁੱਪੀ ਤੇ ਸਵਾਲ ਚੁੱਕਦਿਆ ਕਿਹਾ ਕਿ ਛੋਟੀ ਛੋਟੀ ਗੱਲ ਨੂੰ ਮੁੱਦਾ ਬਣਾਉਣ ਵਾਲੇ ਹੁਣ ਇੰਨੇ ਵੱਡੇ ਪੰਥਕ ਮਸਲੇ ਤੇ ਚੁੱਪ ਕਿਉ ਹਨ ?ਹੁਣ ਸੜਕਾਂ ਤੇ ਕਿਉਂ ਨਹੀ ਉੱਤਰੇ?

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।