ਪ੍ਰਤਾਪ ਸਿੰਘ ਬਾਜਵਾ ਵੱਲੋਂ ਜਨਰਲ ਕੈਟਾਗਿਰੀ ਕਮਿਸ਼ਨ ਦਾ ਚੇਅਰਮੈਨ ਲਗਾਉਣ ਦੀ ਮੰਗ ਦਾ ਸਵਾਗਤ
ਚੰਡੀਗੜ੍ਹ 22 ਜਨਵਰੀ,ਬੋਲੇ ਪੰਜਾਬ ਬਿਊਰੋ;
ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਆਗੂਆਂ ਸੁਖਬੀਰ ਸਿੰਘ, ਜਸਵੀਰ ਸਿੰਘ ਗੜਾਂਗ, ਦਿਲਬਾਗ ਸਿੰਘ ਅਤੇ ਸੁਦੇਸ਼ ਕਮਲ ਸ਼ਰਮਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਨਰਲ ਵਰਗ ਵਿਰੋਧੀ ਨਹੀਂ ਹੈ । ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਹੀ ਪੰਜਾਬ ਵਿੱਚ ਜਨਰਲ ਕੈਟਾਗਿਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ । ਇਹ ਇੱਕ ਇਤਿਹਾਸਕ ਫੈਸਲਾ ਸੀ ਜੋ ਕਿ ਇੱਕ ਗੈਰ ਜਨਰਲ ਮੁੱਖ ਮੰਤਰੀ ਨੇ ਪੂਰਾ ਕੀਤਾ ਸੀ । ਇਸ ਤੋਂ ਬਿਨ੍ਹਾਂ ਕਾਲਜਾਂ ਵਿੱਚ ਪੜ੍ਹਦੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਵਜੀਫਾ ਯੋਜਨਾ ਤਹਿਤ ਵਜੀਫਾ ਦੇਣ ਦੀ ਸਕੀਮ ਵੀ ਚਰਨਜੀਤ ਸਿੰਘ ਚੰਨੀ ਨੇ ਸ਼ੁਰੂ ਕੀਤੀ ਸੀ । ਇਸ ਤੋਂ ਬਿਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਜਨਰਲ ਅਤੇ ਬੀ.ਸੀ. ਸ਼੍ਰੇਣੀ ਦੇ ਲੜਕਿਆਂ ਨੂੰ ਪਹਿਲਾਂ ਵਰਦੀਆਂ ਨਹੀਂ ਮਿਲਦੀਆਂ ਸਨ ਉਸਨੂੰ ਵੀ ਵਰਦੀਆਂ ਦੇਣ ਦੀ ਗੱਲ ਚਰਨਜੀਤ ਸਿੰਘ ਨੇ ਹੀ ਕਹੀ ਸੀ । ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਫੈਡਰੇਸ਼ਨ ਵੱਲੋਂ ਉਸ ਸਮੇਂ ਕੀਤੇ ਜਾ ਰਹੇ ਸਘੰਰਸ਼ ਦੌਰਾਨ ਮੀਟਿੰਗ ਵਿੱਚ ਬੁਲਾ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਜਨਰਲ ਵਰਗ ਦੀਆਂ ਮੰਗਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਸੀ । ਇਸ ਲਈ ਇਹ ਕਹਿਣਾ ਕਿ ਚਰਨਜੀਤ ਸਿੰਘ ਚੰਨੀ ਜਨਰਲ ਵਰਗ ਵਿਰੋਧੀ ਹੈ ਬਿਲਕੁਲ ਹੀ ਨਿਰਅਧਾਰ ਅਤੇ ਝੂਠ ਹੈ । ਫੈਡਰੇਸ਼ਨ ਇਸ ਗੁੰਮਰਾਹਕੁਨ ਪ੍ਰਚਾਰ ਦਾ ਸਖਤ ਵਿਰੋਧ ਕਰਦੀ ਹੈ । ਫੈਡਰੇਸ਼ਨ ਨੇ ਕਿਹਾ ਹੈ ਕਿ ਉਹ ਜਨਰਲ ਵਰਗ ਦੇ ਹਿੱਤਾਂ ਦੀ ਰਾਖੀ ਲਈ ਕਈ ਸਾਲਾਂ ਤੋਂ ਸਘੰਰਸ਼ਸ਼ੀਲ ਹੈ ਤੇ ਜੇਕਰ ਉਹਨਾਂ ਨੂੰ ਭਵਿੱਖ ਵਿੱਚ ਕਦੀ ਇਹ ਮਹਿਸੂਸ ਹੋਇਆ ਕਿ ਚਰਨਜੀਤ ਸਿੰਘ ਚੰਨੀ ਜਨਰਲ ਵਰਗ ਵਿਰੋਧੀ ਕਾਰਜ ਕਰਨਗੇ ਤਾਂ ਉਹ ਇਸਦਾ ਸਖਤ ਵਿਰੋਧ ਕਰਨਗੇ ਪਰ ਬਿਨ੍ਹਾਂ ਕਾਰਣ ਸਰਦਾਰ ਚੰਨੀ ਵਿਰੁੱਧ ਮਾਹੌਲ ਸਿਰਜਨ ਦਾ ਫੈਡਰੇਸ਼ਨ ਸਖਤ ਵਿਰੋਧ ਕਰਦੀ ਹੈ । ਇਸ ਤੋਂ ਬਿਨ੍ਹਾਂ ਫੈਡਰੇਸ਼ਨ ਨੇ ਪੰਜਾਬ ਸਰਕਾਰ ਵੱਲੋਂ ਜਨਰਲ ਕੈਟਾਗਿਰੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਮਾਰੇ ਗਏ ਹਾਅ ਦੇ ਨਾਅਰੇ ਦਾ ਸਵਾਗਤ ਕੀਤਾ ਹੈ । ਇਥੇ ਇਹ ਵਰਣਨ ਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਲਗਾਏ ਗਏ ਸਨ ਪਰ ਜਨਰਲ ਕੈਟਾਗਿਰੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਗਾਇਆ ਗਿਆ ਸੀ ਜਿਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਜੋਰਦਾਰ ਢੰਗ ਰਾਂਹੀ ਪੰਜਾਬ ਸਰਕਾਰ ਤੋਂ ਜਨਰਲ ਕੈਟਾਗਿਰੀ ਕਮਿਸ਼ਨ ਦਾ ਚੇਅਰਮੈਨ ਲਗਾਉਣ ਸੰਬਧੀ ਮੰਗ ਕੀਤੀ ਸੀ । ਜਿਸ ਦਾ ਫੈਡਰੇਸ਼ਨ ਸਵਾਗਤ ਕਰਦੀ ਹੈ ।












