ਨਵੀਂ ਦਿੱਲੀ, 22 ਜਨਵਰੀ, ਬੋਲੇ ਪੰਜਾਬ ਬਿਊਰੋ :
1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਵਿਕਾਸਪੁਰੀ ਅਤੇ ਜਨਕਪੁਰੀ, ਦਿੱਲੀ ਵਿੱਚ ਹੋਏ ਕਤਲ ਮਾਮਲਿਆਂ ਵਿੱਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਸੱਜਣ ਕੁਮਾਰ ਦੀ ਕੋਈ ਭੂਮਿਕਾ ਸਾਬਤ ਨਹੀਂ ਹੋਈ। ਅਦਾਲਤ ਨੇ ਮੰਨਿਆ ਕਿ ਠੋਸ ਸਬੂਤਾਂ ਨਹੀਂ ਮਿਲੇ, ਜਿਸ ਕਾਰਨ ਉਸਨੂੰ ਬਰੀ ਕਰ ਦਿੱਤਾ ਗਿਆ। ਹਾਲਾਂਕਿ, ਉਹ ਉਨ੍ਹਾਂ ਮਾਮਲਿਆਂ ਵਿੱਚ ਜੇਲ੍ਹ ਵਿੱਚ ਰਹੇਗਾ ਜਿਨ੍ਹਾਂ ਵਿੱਚ ਉਸਨੂੰ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ। ਉਹ ਇਸ ਸਮੇਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਫਰਵਰੀ 2015 ਵਿੱਚ, ਵਿਸ਼ੇਸ਼ ਜਾਂਚ ਟੀਮ (SIT) ਨੇ ਪੀੜਤਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਸੱਜਣ ਕੁਮਾਰ ਵਿਰੁੱਧ ਦੋ ਐਫਆਈਆਰ ਦਰਜ ਕੀਤੀਆਂ ਸਨ। ਪਹਿਲੀ ਐਫਆਈਆਰ 1 ਨਵੰਬਰ, 1984 ਨੂੰ ਜਨਕਪੁਰੀ ਵਿੱਚ ਸੋਹਣ ਸਿੰਘ ਅਤੇ ਉਸਦੇ ਜਵਾਈ ਅਵਤਾਰ ਸਿੰਘ ਦੇ ਕਤਲ ਨਾਲ ਸਬੰਧਤ ਹੈ, ਜਦੋਂ ਕਿ ਦੂਜੀ ਐਫਆਈਆਰ 2 ਨਵੰਬਰ, 1984 ਨੂੰ ਵਿਕਾਸਪੁਰੀ ਵਿੱਚ ਗੁਰਚਰਨ ਸਿੰਘ ਨੂੰ ਜ਼ਿੰਦਾ ਸਾੜਨ ਨਾਲ ਸਬੰਧਤ ਹੈ।












