ਮੋਹਾਲੀ 26 ਜਨਵਰੀ ,ਬੋਲੇ ਪੰਜਾਬ ਬਿਊਰੋ;
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਮਹੀਨੇਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ ਜੋ ਕਿ ਬਸੰਤ ਰੁੱਤ ਅਤੇ ਗਣਤੰਤਰ ਦਿਵਸ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਸ਼ਬਾਨਾ ਆਜ਼ਮੀ ,ਸ.ਬਲਵਿੰਦਰ ਢਿੱਲੋਂ,ਡਾ. ਸੁਲਤਾਨ ਅੰਜੁਮ ਅਤੇ ਭਰਪੂਰ ਸਿੰਘ ਸ਼ਾਮਿਲ ਸਨ। ਸਭ ਤੋੰ ਪਹਿਲਾਂ ਸਾਡੇ ਬਹੁਤ ਹੀ ਸੁਹਿਰਦ ਮੈਂਬਰ, ਲੇਖਿਕਾ ਸ਼੍ਰੀਮਤੀ ਸੁਰਜੀਤ ਕੌਰ ਬੈਂਸ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਨਵੇਂ ਉਲੀਕੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾੲਟੀ ਦੇ ਪ੍ਰਧਾਨ ਸ.ਗੁਰਮੇਲ ਸਿੰਘ ਮੌਜੋਵਾਲ ਨੇ ਸੰਸਥਾ ਦੇ ਸਾਰੇ ਮੈਂਬਰਾਂ ਨੂੰ ਨਵੇਂ ਸਾਲ ਦੇ ਕੈਲੰਡਰ ਵੰਡੇ। ਕਵੀ ਦਰਬਾਰ ਦਾ ਆਗਾਜ਼ ਮਲਕੀਤ ਨਾਗਰਾ ਵੱਲੋਂ ਗਾਏ ਧਾਰਮਿਕ ਗੀਤ ਨਾਲ ਹੋਇਆ। ਪ੍ਰੋਫੈਸਰ ਕੇਵਲਜੀਤ ਕੰਵਲ ਤੇ ਅੰਸ਼ੁਕਰ ਮਹੇਸ਼ ਨੇ ਗਣਤੰਤਰ ਦਿਵਸ ਨੂੰ ਸਮਰਪਿਤ ਰਚਨਾਵਾਂ ਸਾਂਝੀਆਂ ਕੀਤੀਆਂ ।ਗੁਰਦਾਸ ਸਿੰਘ ਦਾਸ, ਸ਼ਬਾਨਾ ਆਜ਼ਮੀ,ਦਰਸ਼ਨ ਤਿਊਣਾ,ਦਵਿੰਦਰ ਕੌਰ ਢਿੱਲੋਂ,ਮਹਿੰਦਰ ਸਿੰਘ

ਗੋਸਲ,ਰਤਨ ਬਾਬਕ ਵਾਲਾ,ਲਾਭ ਸਿੰਘ ਲਹਿਲੀ,ਸਵਰਨਜੀਤ ਸਿੰਘ ਜੀਤ ਅਤੇ ਦਰਸ਼ਨ ਸਿੰਘ ਸਿੱਧੂ ਨੇ ਤਰੰਨਮ ਵਿੱਚ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਬਲਜੀਤ ਕੌਰ ਢਿੱਲੋਂ,ਸੁਰਿੰਦਰ ਕੁਮਾਰ ਤੇ ਸਾਗਰ ਭੂਰੀਆ ਨੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਕਵਿਤਾਵਾਂ ਸਾਂਝੀਆਂ ਕੀਤੀਆਂ। ਚਰਨਜੀਤ ਕਲੇਰ ਅਤੇ ਤਿਲਕ ਸੇਠੀ ਨੇ ਹਿੰਦੀ ਗਜ਼ਲਾਂ ਨਾਲ ਆਪਣੀ ਹਾਜ਼ਰੀ ਲਵਾਈ ।ਇਹਨਾਂ ਤੋਂ ਇਲਾਵਾ ਹਰਜੀਤ ਸਿੰਘ ,ਬਲਜਿੰਦਰ ਸਿੰਘ ਧਾਲੀਵਾਲ ਵੀ ਸਮਾਗਮ ਵਿੱਚ ਹਾਜ਼ਰ ਸਨ। ਪ੍ਰਧਾਨਗੀ ਕਰਦਿਆਂ ਬਲਵਿੰਦਰ ਸਿੰਘ ਢਿੱਲੋਂ ਨੇ ਸੰਸਥਾ ਦੇ ਪਰੋਗਰਾਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਵਧੀਆ ਸ਼ਬਦਾਵਲ਼ੀ ਹੋਣ ਦੇ ਨਾਲ ਨਾਲ ਬਹੁਤ ਹੀ ਸੇਧ ਦੇਣ ਵਾਲੀਆਂ ਸਨ। ਅਖੀਰ ਵਿੱਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਇਕੱਤਰਤਾ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਭਰਪੂਰ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ।












