ਪੰਥ ਦੇ ਪੁਰਾਤਨ ਇਤਿਹਾਸਕ ਗੁਰੂਘਰਾਂ ਅਤੇ ਨਿਸ਼ਾਨੀਆਂ ਦੀ ਸਾਰ ਸੰਭਾਲ ਸੰਬੰਧੀ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਦਿਤਾ ਪੱਤਰ

ਨੈਸ਼ਨਲ ਪੰਜਾਬ

ਨਵੀਂ ਉਸਾਰੀ ਦੇ ਨਾਮ ‘ਤੇ ਸਾਡੀਆਂ ਪੁਰਾਤਨ ਇਤਿਹਾਸਕ ਨਿਸ਼ਾਨੀਆਂ, ਪੁਰਾਣੀਆਂ ਇਮਾਰਤਾਂ ਅਤੇ ਅਮੂਲਕ ਯਾਦਾਂ ਨੂੰ ਕੀਤਾ ਜਾ ਰਿਹਾ ਹੈ ਖਤਮ

ਨਵੀਂ ਦਿੱਲੀ 28 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਸਾਹਿਬ ਫਾਉਂਡੇਸ਼ਨ ਦੇ ਪ੍ਰਧਾਨ ਸਰਦਾਰ ਜਤਿੰਦਰ ਸਿੰਘ ਸੋਨੂੰ ਅਤੇ ਜਨਰਲ ਸਕੱਤਰ ਸਰਦਾਰ ਹਰਜੋਤ ਸ਼ਾਹ ਸਿੰਘ ਵਲੋਂ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਪੰਥ ਦੇ ਪੁਰਾਤਨ ਇਤਿਹਾਸਕ ਗੁਰੂ ਘਰਾਂ ਅਤੇ ਨਿਸ਼ਾਨੀਆਂ ਦੀ ਸੰਭਾਲ ਸੰਬੰਧੀ ਇਕ ਪੱਤਰ ਦਿੱਤਾ ਗਿਆ ਹੈ । ਦਿੱਤੇ ਗਏ ਪੱਤਰ ਵਿਚ ਉਨ੍ਹਾਂ ਲਿਖਿਆ ਪੰਥ ਦੇ ਇੱਕ ਗੰਭੀਰ ਅਤੇ ਚਿੰਤਾ ਜਨਕ ਵਿਸ਼ੇ ਸਬੰਧੀ ਬੇਨਤੀ ਕਰ ਰਹੇ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਹ ਵੇਖਿਆ ਜਾ ਰਿਹਾ ਹੈ ਕਿ ਸਾਡੇ ਗੁਰੂ ਘਰ ਬਹੁਤ ਹੀ ਸੋਹਣੇ ਅਤੇ ਵਿਸ਼ਾਲ ਤਰੀਕੇ ਨਾਲ ਬਣਾਏ ਜਾ ਰਹੇ ਹਨ, ਜੋ ਕਿ ਇੱਕ ਸਰਾਹਣਯੋਗ ਅਤੇ ਸ਼ਲਾਘਾਯੋਗ ਕਦਮ ਹੈ। ਨਿਸ਼ਚਿਤ ਤੌਰ ‘ਤੇ ਜਿਵੇਂ ਸਾਡਾ ਆਪਣਾ ਘਰ ਸੁੰਦਰ ਹੋਣਾ ਚਾਹੀਦਾ ਹੈ, ਓਸੇ ਤਰ੍ਹਾਂ ਗੁਰੂ ਦਾ ਘਰ ਵੀ ਬਹੁਤ ਹੀ ਸੁੰਦਰ ਹੋਣਾ ਚਾਹੀਦਾ ਹੈ। ਪਰ ਇਸ ਦੇ ਨਾਲ-ਨਾਲ ਇਹ ਵੀ ਬੜੀ ਚਿੰਤਾ ਦੀ ਗੱਲ ਹੈ ਕਿ ਕਈ ਥਾਵਾਂ ‘ਤੇ ਨਵੀਂ ਉਸਾਰੀ ਦੇ ਨਾਮ ‘ਤੇ ਸਾਡੀਆਂ ਪੁਰਾਤਨ ਇਤਿਹਾਸਕ ਨਿਸ਼ਾਨੀਆਂ, ਪੁਰਾਣੀਆਂ ਇਮਾਰਤਾਂ ਅਤੇ ਅਮੂਲਕ ਯਾਦਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਨਿਸ਼ਾਨੀਆਂ ਸਿਰਫ਼ ਇਮਾਰਤਾਂ ਨਹੀਂ ਹਨ, ਸਗੋਂ ਸਾਡੇ ਇਤਿਹਾਸ, ਸਾਕ੍ਹੀ, ਸ਼ਹਾਦਤਾਂ ਅਤੇ ਸਿੱਖ ਪੰਥ ਦੀ ਵਿਰਾਸਤ ਦਾ ਅਟੁੱਟ ਹਿੱਸਾ ਹਨ। ਪੂਰੇ ਸੰਸਾਰ ਵਿੱਚ ਧਰਮ ਹੋਵੇ ਜਾਂ ਦੇਸ਼—ਲੋਕ ਆਪਣੀ ਵਿਰਾਸਤ ਅਤੇ ਇਤਿਹਾਸ ਨੂੰ ਬਚਾਉਣ ਲਈ ਕਰੋੜਾਂ ਰੁਪਏ ਖਰਚ ਕਰਦੇ ਹਨ, ਪਰ ਦੁਖ ਦੀ ਗੱਲ ਹੈ ਕਿ ਅਸੀਂ ਖੁਦ ਆਪਣੀਆਂ ਅਮਾਨਤਾਂ ਨੂੰ ਅਣਜਾਣੇ ਵਿੱਚ ਖਤਮ ਕਰ ਰਹੇ ਹਾਂ। ਨਵੀਆਂ ਇਮਾਰਤਾਂ ਬਣਾਉਣਾ ਚੰਗੀ ਗੱਲ ਹੈ, ਪਰ ਪੁਰਾਤਨ ਇਤਿਹਾਸਕ ਢਾਂਚਿਆਂ ਨੂੰ ਬਿਨਾਂ ਛੇੜਛਾੜ ਕੀਤੇ ਸੰਭਾਲ ਕੇ ਰੱਖਣਾ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਆਪ ਜੀ ਅੱਗੇ ਬੇਨਤੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਇੱਕ ਸਪਸ਼ਟ ਹੁਕਮਨਾਮਾ ਜਾਂ ਸੰਦੇਸ਼ ਸੰਸਾਰ ਭਰ ਦੇ ਸਿੱਖਾਂ ਲਈ ਜਾਰੀ ਕੀਤਾ ਜਾਵੇ, ਜਿਸ ਵਿੱਚ ਇਹ ਦਿਸ਼ਾ-ਨਿਰਦੇਸ਼ ਹੋਣ ਕਿ ਜਿੱਥੇ ਵੀ ਪੁਰਾਤਨ ਇਤਿਹਾਸਕ ਗੁਰੂ ਘਰ, ਗੁਰੂ ਥਾਂ ਜਾਂ ਨਿਸ਼ਾਨੀਆਂ ਮੌਜੂਦ ਹਨ, ਉੱਥੇ ਨਵੀਂ ਉਸਾਰੀ ਕੀਤੀ ਜਾਵੇ ਤਾਂ ਕੀਤੀ ਜਾਵੇ, ਪਰ ਪੁਰਾਤਨ ਇਮਾਰਤਾਂ ਅਤੇ ਮੂਲ ਸਰੂਪ ਨੂੰ ਕਿਸੇ ਵੀ ਹਾਲਤ ਵਿੱਚ ਨੁਕਸਾਨ ਨਾ ਪਹੁੰਚਾਇਆ ਜਾਵੇ।
ਇਹ ਹੁਕਮਨਾਮਾ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਸਥਿਤ ਗੁਰਦੁਆਰਿਆਂ ਲਈ ਵੀ ਲਾਗੂ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੇ ਵੀ ਸਾਡੀਆਂ ਅਨੇਕਾਂ ਅਮੂਲਕ ਇਤਿਹਾਸਕ ਨਿਸ਼ਾਨੀਆਂ ਮੌਜੂਦ ਹਨ, ਜਿਨ੍ਹਾਂ ਨੂੰ ਨਵੀਂ ਉਸਾਰੀ ਦੇ ਨਾਮ ‘ਤੇ ਖਤਮ ਹੋਣ ਤੋਂ ਬਚਾਉਣਾ ਸਾਡਾ ਸਾਂਝਾ ਫਰਜ਼ ਹੈ। ਜੇਕਰ ਅਕਾਲ ਤਖਤ ਸਾਹਿਬ ਵੱਲੋਂ ਇਸ ਸਬੰਧੀ ਕੋਈ ਹੁਕਮਨਾਮਾ ਜਾਂ ਸੰਦੇਸ਼ ਜਾਰੀ ਹੁੰਦਾ ਹੈ, ਤਾਂ ਉਸ ਨੂੰ ਪਾਕਿਸਤਾਨ ਸਥਿਤ ਸੰਬੰਧਤ ਬੋਰਡ ਅਤੇ ਅਧਿਕਾਰੀਆਂ ਤੱਕ ਵੀ ਅਧਿਕਾਰਕ ਤੌਰ ‘ਤੇ ਪਹੁੰਚਾਇਆ ਜਾਵੇਗਾ, ਤਾਂ ਜੋ ਉੱਥੇ ਵੀ ਸਿੱਖ ਇਤਿਹਾਸ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਲਈ ਆਪ ਜੀ ਅੱਗੇ ਬੇਨਤੀ ਹੈ ਕਿ ਇਸ ਵਿਸ਼ੇ ‘ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ, ਗੁਰਮਰਿਆਦਾ ਦੇ ਅਨੁਸਾਰ ਸਿੱਖ ਕੌਮ ਦੀ ਰਹਿਨੁਮਾਈ ਲਈ ਯੋਗ ਅਦੇਸ਼ ਜਾਰੀ ਕਰਨ ਦੀ ਕਿਰਪਾ ਕਰੋ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।