ਨਵੀਂ ਦਿੱਲੀ, 29 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਮਹਾਨ ਨਗਰ ਕੀਰਤਨ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਫਤਹਿ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਅਮਨਦੀਪ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਨੇ ਦਸਿਆ ਕਿ ਬਾਬਾ ਦੀਪ ਸਿੰਘ ਦਾ ਨਾਂ ਉਨ੍ਹਾਂ ਮਹਾਨ ਸ਼ਹੀਦਾਂ ਦੀ ਕਤਾਰ ਵਿੱਚ ਆਉਂਦਾ ਹੈ, ਜਿਨ੍ਹਾਂ ਦੇ ਇਰਾਦੇ ਤੇ ਵਿਚਾਰ ਫੌਲਾਦੀ ਸਨ। ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਮੁਖੀ ਸਨ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ। ਬਾਬਾ ਜੀ ਪੰਥ ਦੀ ਖਾਤਰ ਹਰ ਕੁਰਬਾਨੀ ਕਰਨ ਲਈ ਸਦਾ ਤਿਆਰ ਬਰ ਰਹਿਣ ਵਾਲੇ ਯੋਧੇ ਸਨ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ ਪਹੁੰਚੀ, ਤਾਂ ਆਪ ਜੀ 76 ਸਾਲ ਦੀ ਬਿਰਧ ਅਵਸਥਾ ‘ਚ 18 ਸੇਰ ਦਾ ਖੰਡਾ ਹੱਥ ‘ਚ ਫੜ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਚੱਲ ਪਏ। ਬਾਬਾ ਜੀ ਨੇ ਆਪਣੇ ਖੱਬੇ ਹੱਥ ‘ਤੇ ਸੀਸ ਰੱਖ ਕੇ ਸੱਝੇ ਹੱਥ ਨਾਲ ਅਜਿਹਾ ਖੰਡਾ ਵਾਹਿਆ ਕਿ ਦੁਸ਼ਮਣ ਫ਼ੌਜ ‘ਚ ਭਾਜੜਾਂ ਪੈ ਗਈਆਂ। ਬਾਬਾ ਜੀ ਜੰਗ ਜਿੱਤ ਕੇ ਸ੍ਰੀ ਹਰਿਮੰਰ ਸਾਹਿਬ ਪਰਿਕਰਮਾ ਚ ਸੀਸ ਭੇਟ ਕਰ ਕੇ ਸ਼ਹੀਦੀ ਪ੍ਰਾਪਤ ਕਰ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਇਕਬਾਲ ਸਿੰਘ ਅਤੇ ਭਾਈ ਜਗਦੇਵ ਸਿੰਘ ਨੇ ਦਸਿਆ ਕਿ ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਕੀਰਤਨ ਦਰਬਾਰ ਵਿਚ ਪੰਥ ਦੇ ਪ੍ਰਸਿੱਧ ਰਾਗੀ ਜੱਥਿਆ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਗਤਾਂ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਗੁਰੂ ਜਸ ਨਾਲ ਜੋੜਿਆ ਸੀ । ਉਨ੍ਹਾਂ ਦਸਿਆ ਇਸ ਮੌਕੇ ਗੁਰਦੁਆਰਾ ਸਾਹਿਬ ਵਿਖ਼ੇ ਅੰਮ੍ਰਿਤ ਸੰਚਾਰ ਕਰਵਾਏ ਗਏ ਸਨ ਜਿਸ ਵਿਚ ਸੈਕੜੇ ਪ੍ਰਾਣੀ ਹਾਜ਼ਿਰੀ ਭਰਦੇ ਹੋਏ ਗੁਰੂ ਵਾਲੇ ਬਣੇ ਸਨ । ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਮਹਾਨ ਨਗਰ ਕੀਰਤਨ ਸਵੇਰੇ 10:00 ਵੱਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ, ਜੋ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆਂ ਵਾਪਸੀ ‘ਤੇ ਗੁਰਦੁਆਰਾ ਸਾਹਿਬ ਵਿੱਖੇ ਪਹੁੰਚ ਕੇ ਸੰਪੰਨ ਹੋਇਆ। ਉਨ੍ਹਾਂ ਦੱਸਿਆ ਨਗਰ ਕੀਰਤਨ ਦੌਰਾਨ ਗੁਰੂ ਸਾਹਿਬ ਜੀ ਦੀ ਪਾਲਕੀ ਅਤੇ ਪੰਜ ਪਿਆਰਿਆਂ ਦੇ ਅੱਗੇ ਸਾਰੇ ਰਸਤੇ ਵਿੱਚ ਫੁੱਲਾ ਦੀ ਵਰਖਾ ਕੀਤੀ ਗਈ। ਇਸ ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਵਿਖਾਏ। ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸੰਗਤਾਂ ਲਈ ਵੱਖ-ਵੱਖ ਪਰਵਾਨਾ ਦੇ ਸਟਾਲ ਵੀ ਲਗਾਏ ਗਏ। ਨਗਰ ਕੀਰਤਨ ਦੌਰਾਨ ਜਗ੍ਹਾ-ਜਗ੍ਹਾ ਤੇ ਗੁਰੂ ਮਹਾਰਾਜ ਜੀ ਦੀ ਪਾਲਕੀ ਸਾਹਿਬ ਅਤੇ ਪੰਜ ਪਿਆਰੇ ਸਾਹਿਬਾਨ ਜੀ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਮੂਹ ਇਸ ਕਾਰਜ ਵਿਚ ਸਾਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ ਕੀਤਾ












