ਮੋਹਾਲੀ, 3 ਫਰਵਰੀ ,ਬੋਲੇ ਪੰਜਾਬ ਬਿਊਰੋ:
ਖੇਡ ਜਗਤ ਵਿੱਚ ਉਭਰਦੇ ਕ੍ਰਿਕਟ ਖਿਡਾਰੀਆਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ। ਆਇਰਲੈਂਡ ਦੀ ਰਾਸ਼ਟਰੀ ਟੀਮ ਲਈ 90 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਸਟਾਰ ਖਿਡਾਰੀ ਸਿਮੀ ਸਿੰਘ, ਜੋ ਕਿ ਹਾਲ ਹੀ ਵਿੱਚ ਰਿਟਾਇਰਮੈਂਟ ਲੈ ਚੁੱਕੇ ਹਨ, ਨੇ ਕ੍ਰਿਕਟ ਨਾਲ ਆਪਣਾ ਲਗਾਅ ਬਰਕਰਾਰ ਰੱਖਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ, ਇਹ ਗੱਲ ਸਿਮੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਸਿਮੀ ਸਿੰਘ ਅਤੇ ਸੁਖਵਿੰਦਰ ਟਿੰਕੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਅੱਜ ਦੇ ਯੂਥ ਨੂੰ ਕ੍ਰਿਕਟ ਵਿੱਚ ਅੱਗੇ ਲਿਜਾਣ ਲਈ ਆਪਣੇ ਤਜ਼ਰਬੇ ਦੀ ਵਰਤੋਂ ਕੀਤੀ ਜਾਵੇ। ਇਸੇ ਸੋਚ ਸਦਕਾ ਉਨ੍ਹਾਂ ਨੇ ਮੋਹਾਲੀ ਦੇ ਸੈਕਟਰ 102 ਵਿਖੇ 3.5 ਏਕੜ ਦੀ ਵਿਸ਼ਾਲ ਜਗ੍ਹਾ ਵਿੱਚ ‘ਕ੍ਰਿਕੋ ਕ੍ਰਿਕਟ ਅਕੈਡਮੀ’ ਦੀ ਸ਼ੁਰੂਆਤ ਕੀਤੀ ਹੈ।
ਇਸ ਅਕੈਡਮੀ ਵਿੱਚ ਬੱਚਿਆਂ ਨੂੰ ਅੰਤਰਰਾਸ਼ਟਰੀ ਖਿਡਾਰੀ ਸਿਮੀ ਸਿੰਘ (ਈ.ਸੀ.ਬੀ ਲੈਵਲ 2 ਕੋਚ) ਅਤੇ ਉੱਘੇ ਕੋਚ ਸੁਖਵਿੰਦਰ ਟਿੰਕੂ (ਬੀ. ਸੀ.ਸੀ.ਆਈ.ਲੈਵਲ 2) ਵੱਲੋਂ ਬਹੁਤ ਹੀ ਦਿਲੋਂ ਅਤੇ ਜਨੂੰਨ ਨਾਲ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਬੱਚੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਅਕੈਡਮੀ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਇੱਥੇ 8 ਤੋਂ 25 ਸਾਲ ਤੱਕ ਦੇ ਬੱਚਿਆਂ ਨੂੰ ਦਾਖਲਾ ਦਿੱਤਾ ਜਾਵੇਗਾ, ਪਰ ਸਿਰਫ਼ ਉਨ੍ਹਾਂ ਨੂੰ ਹੀ ਪਹਿਲ ਮਿਲੇਗੀ ਜੋ ਕ੍ਰਿਕਟ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਹਨ। ‘ਟਾਈਮ ਪਾਸ’ ਜਾਂ ਸਿਰਫ਼ ਸ਼ੌਂਕ ਵਜੋਂ ਆਉਣ ਵਾਲੇ ਬੱਚਿਆਂ ਦੀ ਬਜਾਏ, ਸਿਰਫ਼ ਹੋਣਹਾਰ ਅਤੇ ਪੈਸ਼ਨੇਟ ਖਿਡਾਰੀਆਂ ਨੂੰ ਹੀ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਬਹੁਤ ਅੱਗੇ ਤੱਕ ਲਿਜਾਇਆ ਜਾ ਸਕੇ।
ਖਿਡਾਰੀਆਂ ਦੀ ਹਰ ਸੁਵਿਧਾ ਦਾ ਇੱਥੇ ਖਾਸ ਖਿਆਲ ਰੱਖਿਆ ਗਿਆ ਹੈ। ਬੱਚਿਆਂ ਦੀ ਫਿਟਨੈਸ ਅਤੇ ਸਹੀ ਖੁਰਾਕ ਲਈ ਮਾਹਿਰ ਡਾਇਟੀਸ਼ੀਅਨ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਅਕੈਡਮੀ ਦੇ ਅੰਦਰ ਹੀ ਸਾਫ਼-ਸੁਥਰੇ ਵਾਸ਼ਰੂਮ ਅਤੇ ਰਸੋਈ ਦਾ ਪੂਰਾ ਪ੍ਰਬੰਧ ਹੈ, ਤਾਂ ਜੋ ਖਿਡਾਰੀਆਂ ਨੂੰ ਹਰ ਸਹੂਲਤ ਇੱਕੋ ਛੱਤ ਹੇਠ ਮਿਲ ਸਕੇ।
ਇਸ ਸੁਨਹਿਰੀ ਮੌਕੇ ਦਾ ਹਿੱਸਾ ਬਣਨ ਲਈ 7 ਫਰਵਰੀ 2026 ਨੂੰ ਸਵੇਰੇ 11:00 ਵਜੇ ਮੁਫ਼ਤ ਟ੍ਰਾਇਲਸ ਰੱਖੇ ਗਏ ਹਨ। ਸਿਮੀ ਸਿੰਘ ਅਤੇ ਸੁਖਵਿੰਦਰ ਟਿੰਕੂ ਦਾ ਇਹ ਉਪਰਾਲਾ ਪੰਜਾਬ ਦੇ ਕ੍ਰਿਕਟ ਭਵਿੱਖ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।












